ਗੁਰਦਾਸਪੁਰ: ਆਮ ਆਦਮੀ ਪਾਰਟੀ (Aam Aadmi Party) ਵੱਲੋਂ ਪੰਜਾਬ ’ਚ ਆਉਣ ਵਾਲੀ ਵਿਧਾਨ ਸਭਾ ਚੋਣਾਂ 2022 (2022 Assembly Elections) ਨੂੰ ਲੈਕੇ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਗਿਆ ਹੈ। ਇਸੇ ਤਹਿਤ ਹਰ ਵਿਧਾਨ ਸਭਾ ਹਲਕੇ ’ਚ ਵੱਖ-ਵੱਖ ਆਪ ਆਗੂਆਂ ਚੋਣ ਰੈਲੀਆਂ ਦੇ ਵਿੱਚ ਪਹੁੰਚ ਲੋਕਾਂ ਨੂੰ ਆਪ ਨਾਲ ਜੁੜਨ ਦਾ ਸੱਦਾ ਦੇ ਰਹੇ ਹਨ। ਉਥੇ ਹੀ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ (Vidhan Sabha constituency Qadian) ਦੇ ਪਿੰਡ ਡੇਹਰੀਵਾਲ ਵਿਖੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਨ ਲਈ ਮੁੱਖ ਤੌਰ ’ਤੇ ਆਪ ਪਾਰਟੀ ਦੀ ਮੌਜੂਦਾ ਵਿਧਾਇਕ ਬਲਜਿੰਦਰ ਕੌਰ ਪਹੁੰਚੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਆਪ ਮੁਖੀ ਅਰਵਿੰਦ ਕੇਜਰੀਵਾਲ ਦੇ ਗਰੰਟੀ ਪ੍ਰੋਗਰਾਮ ਉਹ ਘਰ-ਘਰ ਤੱਕ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਪੰਜਾਬ ਦੇ ਲੋਕਾਂ ਨੂੰ ਗੱਪਾਂ ਦੇ ਗੱਫੇ ਵੰਡ ਰਹੇ ਹਨ। ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ ਵੱਲੋਂ ਇਸ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਵਿਧਾਇਕਾ ਬਲਜਿੰਦਰ ਕੌਰ ਨੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ ਤੇ ਵਿਰੋਧੀਆਂ ਪਾਰਟੀਆਂ ਉੱਪਰ ਜੰਮਕੇ ਨਿਸ਼ਾਨੇ ਸਾਧੇ।
ਵਿਧਾਇਕਾ ਬਲਜਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ ਬਦਲਾਵ ਅੱਜ ਮੁੱਖ ਲੋੜ ਹੈ ਅਤੇ ਜੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਮਾਡਲ ਤਿਆਰ ਕੀਤਾ ਹੈ ਉਹ ਪੰਜਾਬ ’ਚ ਆਪ ਦੀ ਸਰਕਾਰ ਆਉਣ ’ਤੇ ਤਿਆਰ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਗਰੰਟੀ ਪ੍ਰੋਗਰਾਮ ਲੈਕੇ ਆਏ ਹਨ ਉਹ ਪੂਰਾ ਵੀ ਕਰਾਂਗੇ ਕਿਉਂਕਿ ਜੋ ਉਹ ਕਹਿੰਦੇ ਹਨ ਉਸ ਪਿੱਛੇ ਚੰਗੀ ਨੀਅਤ ਹੈ।