ਚੰਡੀਗੜ੍ਹ: ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ 14 ਫਰਵਰੀ 2020 ਨੂੰ ਇੱਕ ਸਾਲ ਪੁਰਾ ਹੋ ਗਿਆ ਹੈ। ਪੰਜਾਬ ਸਰਕਾਰ ਨੇ ਇਸ ਅਣਸੁਖਾਵੀਂ ਘਟਨਾ 'ਤੇ ਸ਼ਹੀਦਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਇਸ ਵਾਅਦੇ ਨੂੰ ਸਰਕਾਰ ਵੱਲੌਂ ਅੱਜ ਪੁਰਾ ਕਰ ਦਿੱਤਾ ਗਿਆ ਹੈ।
ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਗੁਰਦਾਸਪੁਰ ਦੇ ਮਨਿੰਦਰ ਸਿੰਘ ਅਤਰੀ ਦੇ ਭਰਾ ਲਖਵੀਸ਼ ਸਿੰਘ ਅਤਰੀ ਨੂੰ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਨੇ ਨਿਯੁਕਤੀ ਪੱਤਰ ਸੌਂਪਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਰੁਣਾ ਚੌਧਰੀ ਨੇ ਟਵੀਟ ਵਿੱਚ ਲਿਖਿਆ ਕਿ ਜਿਵੇਂ ਕਿ ਮੈਂ ਵਾਅਦਾ ਕੀਤਾ ਸੀ, ਪੁਲਵਾਮਾ ਸ਼ਹੀਦ ਮਨਿੰਦਰ ਸਿੰਘ ਦੇ ਭਰਾ ਲਖਵੀਸ਼ ਸਿੰਘ ਅਤਰੀ ਨੂੰ ਪੰਜਾਬ ਪੁਲਿਸ ਵਿਚ ਕਾਂਸਟੇਬਲ ਨਿਯੁਕਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੁਲਵਾਮਾ ਵਿੱਚ ਸੀ.ਆਰ.ਪੀ ਐੱਫ਼ ਦੇ ਕਾਫ਼ਲੇ ਉੱਤੇ ਹੋਏ ਹਮਲੇ ਵਿੱਚ ਸ਼ਹੀਦ ਹੋਏ 40 ਜਵਾਨਾਂ ਦੀ ਸ਼ਹਾਦਤ ਨੂੰ ਇੱਕ ਸਾਲ ਦਾ ਸਮਾਂ ਬੀਤ ਚੁੱਕਿਆ ਹੈ, ਪਰ ਉਨ੍ਹਾਂ ਦੇ ਪਰਿਵਾਰਾਂ ਲਈ ਹਾਲੇ ਵੀ ਇਹ ਸੱਚ ਮੰਨਣਾ ਮੁਸ਼ਕਿਲ ਹੈ ਕਿ ਉਨ੍ਹਾਂ ਦੇ ਆਪਣੇ ਇਸ ਦੁਨੀਆ ਤੋਂ ਜਾ ਚੁੱਕੇ ਹਨ। ਦੀਨਾਨਗਰ ਦੇ ਰਹਿਣ ਵਾਲੇ ਮਨਿੰਦਰ ਸਿੰਘ ਵੀ ਇਨ੍ਹਾਂ 40 ਜਵਾਨਾਂ 'ਚ ਸ਼ਾਮਲ ਸਨ, ਜਿਨ੍ਹਾਂ ਆਪਣੀ ਜਾਨ ਦੇਸ਼ ਦੀ ਸੁਰੱਖਿਆ ਲਈ ਕੁਰਬਾਨ ਕਰ ਦਿੱਤੀ।
14 ਫਰਵਰੀ 2020 ਨੂੰ ਮਨਿੰਦਰ ਸਿੰਘ ਦੇ ਪਰਿਵਾਰ ਨੇ ਉਨ੍ਹਾਂ ਦੀ ਪਹਿਲੀ ਬਰਸੀ ਮਨਾਈ। ਪਰਿਵਾਰ ਵੱਲੋਂ ਇਸ ਮੌਕੇ ਇੱਕ ਸਮਾਗਮ ਉਨ੍ਹਾਂ ਦੇ ਗ੍ਰਹਿ ਵਿਖੇ ਕਰਵਾਇਆ ਗਿਆ। ਇਸ ਸਮਾਗਮ 'ਚ ਪੰਜਾਬ ਸਰਕਾਰ ਦੀ ਤਰਫੋਂ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਨੇ ਸ਼ਹੀਦ ਮਨਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ।