ਪੰਜਾਬ

punjab

By

Published : May 3, 2022, 7:48 PM IST

ETV Bharat / state

ਉਸਤਾਦ ਨੂੰ ਸ਼ਾਗਿਰਦਾਂ ਦਾ ਤੋਹਫ਼ਾ, ਬਣਾ ਦਿੱਤਾ ਆਲੀਸ਼ਾਨ ਘਰ ਤੇ ਦਿੱਤੀ 10 ਏਕੜ ਜ਼ਮੀਨ

ਗੁਰਦਾਸਪੁਰ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਕੋਚ ਸੁਖਦੇਵ ਉਰਫ ਸੇਬੂ ਪਹਿਲਵਾਨ ਦੀ ਮਿਹਨਤ ਦਾ ਉਸਦੇ ਸ਼ਾਗਿਰਦਾਂ ਭਾਵ ਚੇਲਿਆਂ ਦੇ ਵੱਲੋਂ ਮੁੱਲ ਮੋੜਿਆ ਗਿਆ ਹੈ। ਉਸਤਾਦ ਤੋਂ ਖੇਡ ਦੇ ਗੁਰ ਸਿੱਖ ਅੱਜ ਵਿਦੇਸ਼ਾਂ ਵਿੱਚ ਨਾਮਣਾ ਖੱਟ ਰਹੇ ਖਿਡਾਰੀ ਆਪਣੇ ਉਸਤਾਦ ਨੂੰ ਨਹੀਂ ਭੁੱਲੇ ਸਗੋਂ ਉਸਦਾ ਸਹਾਰਾ ਬਣੇ ਹਨ। ਨੌਜਵਾਨ ਖਿਡਾਰੀਆਂ ਵੱਲੋਂ ਸੇਬੂ ਪਹਿਲਵਾਨ ਦਾ ਕਰੀਬ 15 ਲੱਖ ਦੀ ਲਾਗਤ ਨਾਲ ਆਲੀਸ਼ਾਨ ਘਰ ਤਿਆਰ ਕੀਤਾ ਜਾ ਰਿਹਾ ਹੈ ਉੱਥੇ ਹੀ ਉਸਦੇ ਚੰਗੇ ਜੀਵਨ ਨਿਰਬਾਹ ਦੇ ਲਈ 10 ਏਕੜ ਜ਼ਮੀਨ ਅਤੇ ਖੇਤੀ ਨਾਲ ਸਬੰਧਿਤ ਔਜ਼ਾਰ ਲਿਆ ਕੇ ਦਿੱਤੇ ਹਨ। ਓਧਰ ਦੂਜੇ ਪਾਸੇ ਖੁਸ਼ੀ ਵਿੱਚ ਖੀਵਾ ਹੋਇਆ ਕਬੱਡੀ ਖਿਡਾਰੀ ਸੇਬੂ ਆਪਣੇ ਸ਼ਾਗਿਰਦਾਂ ਦੀ ਸ਼ਲਾਘਾ ਕਰਦਾ ਨਹੀਂ ਥੱਕ ਰਿਹਾ।

ਜਦੋਂ ਸ਼ਾਗਿਰਦਾਂ ਨੇ ਮੋੜਿਆ ਉਸਤਾਦ ਦੀ ਮਿਹਨਤ ਦਾ ਮੁੱਲ
ਜਦੋਂ ਸ਼ਾਗਿਰਦਾਂ ਨੇ ਮੋੜਿਆ ਉਸਤਾਦ ਦੀ ਮਿਹਨਤ ਦਾ ਮੁੱਲ

ਗੁਰਦਾਸਪੁਰ: ਕਬੱਡੀ ਜਗਤ ਵਿੱਚ ਸੈਂਕੜੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪੈਦਾ ਕਰਨ ਵਾਲੇ ਗੁਰਦਾਸਪੁਰ ਦੇ ਪਿੰਡ ਦਰਗਾਬਾਦ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਤੇ ਕੋਚ ਸੇਬੂ ਪਹਿਲਵਾਨ ਦਾ ਅਲੀਸ਼ਾਨ ਰੈਣ ਬਸੇਰਾ ਬਣਾਉਣ ਲਈ ਉਨ੍ਹਾਂ ਦੇ ਸ਼ਗਿਰਦ (ਚੇਲੇ) ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਮ੍ਰਿਤਪਾਲ ਕੈਨੇਡਾ ਵੱਲੋਂ ਅਤੇ ਹੋਰ ਕਬੱਡੀ ਖਿਡਾਰੀਆਂ ਦੇ ਸਹਿਯੋਗ ਨਾਲ ਲੱਖਾਂ ਰੁਪਇਆਂ ਦੀ ਲਾਗਤ ਨਾਲ ਜੰਗੀ ਪੱਧਰ ’ਤੇ ਉਸਦਾ ਘਰ ਉਸਾਰਿਆ ਜਾ ਰਿਹਾ ਹੈ। ਇਸਦੇ ਨਾਲ ਹੀ ਪਹਿਲਵਾਨ ਨੂੰ ਖੇਤੀ ਕਰਨ ਲਈ 10 ਏਕੜ ਜ਼ਮੀਨ ਅਤੇ ਟਰੈਕਟਰ ਟਰਾਲੀ ਖੇਤੀਬਾੜੀ ਦੇ ਹੋਰ ਸੰਦ ਦਿੱਤੇ ਗਏ ਹਨ। ਇਸ ਤੋਂ ਬਾਅਦ ਹੁਣ ਪਹਿਲਵਾਨ ਨੂੰ ਵਿਦੇਸ਼ ਲੈ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ।

ਪਹਿਲਵਾਨ ਸੁਖਦੇਵ ਸਿੰਘ ਉਰਫ਼ ਸੇਬੂ ਕਿਉਂ ਅਤੇ ਕਦੋਂ ਸ਼ੁਰੂ ਕੀਤੀ ਸੀ ਪਹਿਲਵਾਨੀ: ਸੁਖਦੇਵ ਸਿੰਘ ਉਰਫ਼ ਸੇਬੂ ਪਹਿਲਵਾਨ ਨੇ ਦੱਸਿਆ ਕਿ ਉਸ ਦੇ ਪਿੰਡ ਦਰਗਾਬਾਦ ਵਿੱਚ ਇੱਕ ਬਹੁਤ ਵੱਡਾ ਕਬੱਡੀ ਦਾ ਟੂਰਨਾਮੈਂਟ ਹੁੰਦਾ ਸੀ ਅਤੇ ਉਹ ਉਸ ਟੂਰਨਾਮੈਂਟ ਵਿੱਚ ਪਹਿਲਵਾਨਾਂ ਨੂੰ ਦੇਖਦਾ ਸੀ ਅਤੇ ਉਸ ਟੂਰਨਾਮੈਂਟ ਵਿੱਚ ਸੁਖਪਾਲ ਸਿੰਘ ਨਾਮ ਦਾ ਖਿਡਾਰੀ ਉਸਦਾ ਮਨ ਪਸੰਦ ਸੀ ਜਿਸ ਵਰਗਾ ਬਣਨ ਦੇ ਲਈ ਉਸ ਨੇ ਕਬੱਡੀ ਖੇਡ ਵਿੱਚ ਆਪਣਾ ਪੈਰ ਪਾਇਆ ਅਤੇ ਖੁਦ ਇੱਕ ਚਮਕਦਾ ਸਿਤਾਰਾ ਬਣ ਗਿਆ।

ਜਦੋਂ ਸ਼ਾਗਿਰਦਾਂ ਨੇ ਮੋੜਿਆ ਉਸਤਾਦ ਦੀ ਮਿਹਨਤ ਦਾ ਮੁੱਲ

ਕਿੱਥੇ-ਕਿੱਥੇ ਖੇਡਿਆ:ਸੇਬੂ ਪਹਿਲਵਾਨ ਨੇ ਦੱਸਿਆ ਕਿ ਉਸ ਨੇ ਕਈ ਮੈਚ ਜਿੱਤੇ ਜਿੰਨ੍ਹਾਂ ਵਿਚ ਸੂਬਾ ਪੱਧਰੀ, ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੈਚ ਜਿੱਤੇ ਹਨ ਅਤੇ ਉਸ ਨੇ ਮੈਚ ਵਿੱਚ ਕਈ ਸਨਮਾਨ ਚਿੰਨ੍ਹ ਅਤੇ ਨਗਦੀ ਇਨਾਮ ਜਿੱਤੇ ਹਨ ਅਤੇ ਹੁਣ ਨੌਜਵਾਨਾਂ ਨੂੰ ਕਬੱਡੀ ਦੇ ਗੁਣ ਸਿਖਾ ਰਿਹਾ ਅਤੇ ਉਸਦੇ ਸ਼ਾਗਿਰਦ ਹੁਣ ਦੇਸ਼ਾਂ-ਵਿਦੇਸ਼ਾਂ ਵਿੱਚ ਖੇਡ ਰਹੇ ਹਨ।

ਕਿਹੜੇ ਕਿਹੜੇ ਵੱਡੇ ਪਹਿਲਵਾਨ ਹਨ ਸੇਬੂ ਦੇ ਸ਼ਾਗਿਰਦ: ਸੁਖਦੇਵ ਨੇ ਦੱਸਿਆ ਕਿ ਮਹਾਂਵੀਰ ਅਠਵਾਲ, ਅੰਮ੍ਰਿਤਪਾਲ,ਸ਼ੇਰਾ ਜੋਨੀ,ਮਹਿੰਦਰ,ਸੰਦੀਪ,ਧਾਮਾ ਇਸ ਸਾਰੇ ਇਸ ਵਕਤ ਕੈਨੇਡਾ ਦੀ ਧਰਤੀ ’ਤੇ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਇੱਕ ਚੰਗਾ ਪਹਿਲਵਾਨ ਬਣਨ ਲਈ ਬਹੁਤ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਇਸਦੇ ਘਰ ਆਉਂਦੇ ਸਨ ਹਮੇਸ਼ਾ ਗੱਲ ਕਰਦੇ ਸਨ ਕਿ ਉਸਤਾਦ ਜੀ ਤੁਹਾਡਾ ਘਰ ਕੱਚਾ ਹੈ ਜੇਕਰ ਅਸੀਂ ਕਿਸੇ ਮੁਕਾਮ ’ਤੇ ਪਹੁੰਚੇ ਤਾਂ ਇਸ ਨੂੰ ਪੱਕਾ ਜ਼ਰੂਰ ਕਰਾਂਗੇ ਤੇ ਅੱਜ ਉਹ ਮੌਕਾ ਆ ਗਿਆ ਹੈ।

ਕਿਸ-ਕਿਸ ਨੇ ਕੀਤਾ ਸਹਿਯੋਗ: ਮਾਂ ਖੇਡ ਕਬੱਡੀ ਨੂੰ ਪ੍ਰਫੁੱਲਤ ਕਰਨ ਲਈ ਨਿਸ਼ਕਾਮ ਸੇਵਾ ਕਰਦਿਆਂ ਹੋਇਆਂ ਸੈਂਕੜੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਬੱਡੀ ਜਗਤ ਦੀ ਝੋਲੀ ਵਿੱਚ ਪਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਕੋਚ ਸੇਬੂ ਦਰਗਾਬਾਦ ਦੇ ਖ਼ਸਤਾ ਹਾਲਤ ਘਰ ਨੂੰ ਆਲੀਸ਼ਾਨ ਘਰ ਬਣਾਉਣ ਲਈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਮ੍ਰਿਤਪਾਲ ਸਿੰਘ ਅਰਲੀਭੰਨ ਅਤੇ ਹੋਰ ਕਬੱਡੀ ਖਿਡਾਰੀਆਂ ਦੇ ਸਹਿਯੋਗ ਨਾਲ ਪੰਦਰਾਂ ਲੱਖ ਰੁਪਏ ਦੀ ਲਾਗਤ ਨਾਲ ਸੇਬੂ ਪਹਿਲਵਾਨ ਦਾ ਘਰ ਦਾ ਨਿਰਮਾਣ ਪੂਰੀ ਤੇਜ਼ੀ ਨਾਲ ਬਣਾਇਆ ਜਾ ਰਿਹਾ ਹੈ।

ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਉੱਪਰ ਚੁੱਕਣ ਲਈ ਸੇਬੂ ਪਹਿਲਵਾਨ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਦੀ ਮਿਹਨਤ ਕਾਰਨ ਸੈਂਕੜੇ ਅੰਤਰਰਾਸ਼ਟਰੀ ਪੱਧਰ ’ਤੇ ਇਸ ਇਲਾਕੇ ਦੇ ਨੌਜਵਾਨ ਵਿਦੇਸ਼ਾਂ ਵਿੱਚ ਕਬੱਡੀ ਵਿੱਚ ਨਾਮਣਾ ਖੱਟ ਰਹੇ ਹਨ। ਕਬੱਡੀ ਖਿਡਾਰੀਆਂ ਨੇ ਕਿਹਾ ਕਿ ਸੇਬੂ ਪਹਿਲਵਾਨ ’ਤੇ ਸਰਹੱਦੀ ਇਲਾਕਾ ਡੇਰਾ ਬਾਬਾ ਨਾਨਕ ਤੇ ਪੂਰੇ ਮਾਝੇ ਤੋਂ ਇਲਾਵਾ ਪੰਜਾਬ ਦੇ ਕਬੱਡੀ ਪ੍ਰੇਮੀਆਂ ਨੂੰ ਮਾਣ ਹੈ। ਇਸ ਮੌਕੇ ਉੱਤੇ ਕੋਚ ਤੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੇਬੂ ਪਹਿਲਵਾਨ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਕਬੱਡੀ ਖਿਡਾਰੀਆਂ ਜਿੰਨ੍ਹਾਂ ਨੂੰ ਉਸ ਵੱਲੋਂ ਕਬੱਡੀ ਜਗਤ ਦਾ ਹਾਣੀ ਬਣਾਉਣ ਵਿੱਚ ਸਖ਼ਤ ਮਿਹਨਤ ਕੀਤੀ ਸੀ ਉਨ੍ਹਾਂ ਕਬੱਡੀ ਖਿਡਾਰੀਆਂ ਵੱਲੋਂ ਮੇਰੇ ਘਰ ਨੂੰ ਉਸਾਰਿਆ ਜਾ ਰਿਹਾ ਹੈ।

ਬਾਗੋ-ਬਾਗ ਸੇਬੂ ਪਹਿਲਵਾਨ: ਪਹਿਲਵਾਨ ਨੇ ਖ਼ੁਸ਼ੀ 'ਚ ਬਾਗੋਬਾਗ ਹੁੰਦਿਆਂ ਕਿਹਾ ਕਿ ਜਿੱਥੇ ਉਸ ਦੇ ਕਈ ਕਬੱਡੀ ਦੇ ਗੁਰ ਸਿੱਖਣ ਵਾਲੇ ਚੇਲਿਆਂ ਵੱਲੋਂ ਉਸ ਦੇ ਘਰ ਦੇ ਨਿਰਮਾਣ ਕਰਵਾਉਣ ਲਈ ਰਾਸ਼ੀ ਭੇਜੀ ਜਾ ਰਹੀ ਹੈ ਉਥੇ ਹੀ ਉਸ ਦੇ ਚੇਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅੰਮ੍ਰਿਤਪਾਲ ਸਿੰਘ ਅਰਲੀਭੰਨ ਵੱਲੋਂ ਉਸ ਨੂੰ ਆਪਣੀ ਦਸ ਏਕੜ ਜ਼ਮੀਨ ਟਰੈਕਟਰ, ਗਾਵਾਂ, ਮੱਝਾਂ ਅਤੇ ਹੋਰ ਸਾਜ਼ੋ ਸਾਮਾਨ ਦੀ ਸਾਂਭ ਸੰਭਾਲ ਅਤੇ ਖੇਤੀ ਕਰਕੇ ਆਪਣਾ ਖੁਸ਼ਹਾਲ ਜੀਵਨ ਬਤੀਤ ਕਰਨ ਲਈ ਦਿੱਤਾ ਹੈ।

ਸੇਬੂ ਪਹਿਲਵਾਨ ਨੇ ਕਿਹਾ ਕਿ ਕੈਨੇਡਾ ਵਿੱਚ ਵੱਸਦੇ ਅੰਮ੍ਰਿਤਪਾਲ ਸਿੰਘ ਅਰਲੀਭੰਨ ਕੈਨੇਡਾ ਤੇ ਉਸ ਦੇ ਸਾਥੀਆਂ ਦੇ ਸਹਿਯੋਗ ਨਾਲ ਕੈਨੇਡਾ ਵਿੱਚ ਮਾਂ ਖੇਡ ਕਬੱਡੀ ਨੂੰ ਵਿਦੇਸ਼ਾਂ ਵਿੱਚ ਪ੍ਰਫੁੱਲਤ ਕਰਨ ਲਈ ਕੱਬਡੀ ਅਕੈਡਮੀਆਂ ਖੋਲ੍ਹੀਆਂ ਜਾਣਗੀਆਂ ਜਿੱਥੇ ਉਹ ਖੁਦ ਕਬੱਡੀ ਖਿਡਾਰੀਆਂ ਨੂੰ ਤਰਾਸ਼ ਕੇ ਅੰਤਰਰਾਸ਼ਟਰੀ ਪੱਧਰ ’ਤੇ ਕਬੱਡੀ ਖਿਡਾਰੀ ਬਣਾਉਣ ਲਈ ਸਖ਼ਤ ਮਿਹਨਤ ਕਰਨਗੇ।

ਇਹ ਵੀ ਪੜ੍ਹੋ:ਕੇਂਦਰੀ ਮੰਤਰੀ ਨੇ ਬਿਜਲੀ ਸੰਕਟ ਦਾ ਠੀਕਰਾ ਪੰਜਾਬ ਸਰਕਾਰ ਸਿਰ ਭੰਨ੍ਹਿਆ, ਕਿਹਾ...

For All Latest Updates

TAGGED:

ABOUT THE AUTHOR

...view details