ਗੁਰਦਾਸਪੁਰ:ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਤਲਵੰਡੀ ਗੁਰਾਇਆ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਨੌਜਵਾਨ ਦੇ ਭੋਗ 'ਤੇ ਆਏ ਕੁਝ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। ਗੈਂਗਸਟਰਾਂ ਅਤੇ ਪੁਲਿਸ ਵਲੋਂ ਇੱਕ ਦੂਜੇ 'ਤੇ ਕਈ ਰਾਊਂਡ ਫਾਇਰ ਕੀਤੇ ਗਏ। ਇਸ 'ਚ ਪੁਲਿਸ ਦੀ ਗੋਲੀ ਲੱਗਣ ਨਾਲ ਇਕ ਗੈਂਗਸਟਰ ਸ਼ਿਵਕਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਪੁਲਿਸ ਨੇ 5 ਗੈਂਗਸਟਰਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ ਤਿੰਨ ਹਥਿਆਰ ਵੀ ਬਰਾਮਦ ਕੀਤੇ ਗਏ ਹਨ।(Gunshots between gangsters and police)
ਸਾਥੀ ਦੇ ਭੋਗ 'ਤੇ ਆਏ ਹੋਏ ਸੀ ਗੈਂਗਸਟਰ: ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ 10 ਦਿਨ ਪਹਿਲਾਂ ਪਿੰਡ ਨਬੀ ਨਗਰ ਵਿਖੇ ਕਿਸੇ ਪੁਰਾਣੀ ਰੰਜਿਸ਼ ਕਾਰਨ ਦੋ ਗੁੱਟਾਂ ਵਿਚ ਲੜਾਈ ਹੋ ਗਈ ਸੀ। ਜਿਸ ਵਿਚ ਚਰਨਜੀਤ ਨਾਮਕ ਨੌਜਵਾਨ ਜ਼ਖਮੀ ਹੋ ਗਿਆ ਸੀ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਮ੍ਰਿਤਕ ਦਾ ਅੱਜ ਪਿੰਡ ਤਲਵੰਡੀ ਗੁਰਾਇਆ ਵਿਖੇ ਭੋਗ ਸੀ ਤੇ ਇਹ ਗੈਂਗਸਟਰ ਵੀ ਆਪਣੇ ਸਾਥੀ ਦੇ ਭੋਗ 'ਤੇ ਹੀ ਆਏ ਹੋਏ ਸਨ। ਇਸ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਦੀ ਯੋਜਨਾ ਬਣਾਈ ਪਰ ਇਨ੍ਹਾਂ ਗੈਂਗਸਟਰਾਂ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।