ਗੁਰਦਾਸਪੁਰ: ਅੱਜ ਦੇ ਦੌਰ ਵਿੱਚ ਬੱਚੇ ਅਤੇ ਨੌਜਵਾਨ ਮੋਬਾਇਲ ਗੇਮਾਂ ਅਤੇ ਇੰਟਰਨੈਟ ਦੇ ਆਦੀ ਹੋ ਕੇ ਜ਼ਿਆਦਾ ਸਮਾਂ ਆਨਲਾਈਨ ਖੇਡਾਂ 'ਤੇ ਹੀ ਗਵਾ ਦਿੰਦੇ ਹਨ ਪਰ ਗੁਰਦਾਸਪੁਰ ਨਾਲ ਸਬੰਧਿਤ ਇੱਕ 11 ਸਾਲ ਦੇ ਬੱਚੇ ਨੇ ਆਪਣੇ ਸ਼ੌਂਕ ਨੂੰ ਇਸ ਖੂਬੀ ਨਾਲ ਵੱਡਾ ਕੀਤਾ ਹੈ ਕਿ ਅੱਜ ਉਸ ਬੱਚੇ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੋ ਗਿਆ ਹੈ।
ਗੁਰਦਾਸਪੁਰ ਦੇ 11 ਸਾਲਾ ਬੱਚੇ ਸੁਖਰਾਜ ਸਿੰਘ ਨੇ ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਦਰਜ ਕਰਵਾਇਆ ਆਪਣਾ ਨਾਂ ਇਸ ਬੱਚੇ ਨੂੰ ਗੁਰਦਾਸਪੁਰ ਦੇ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਸੁਖਰਾਜ ਸਿੰਘ ਨੇ ਮਿਊਜਿਕ ਕੀ-ਬੋਰਡ ਨੂੰ ਵਜਾਉਣ ਦੇ ਨਾਲ-ਨਾਲ ਵੱਖ-ਵੱਖ ਤਰਾਂ ਦੇ ਰੂਬਿਕ ਕਿਊਬ ਪਜਲ ਵੀ ਕੁਝ ਹੀ ਸੈਕਿੰਡਾਂ ਵਿੱਚ ਹੱਲ ਕਰ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡਜ ਵਿਚ ਦਰਜ ਕਰਵਾਇਆ ਹੈ।
ਬੱਚੇ ਸੁਖਰਾਜ ਸਿੰਘ ਦੇ ਪਿਤਾ ਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਹਨ ਅਤੇ ਅੱਜਕੱਲ੍ਹ ਗੁਰਦਾਸਪੁਰ ਰਹਿ ਰਹੇ ਹਨ। ਉਨਾਂ ਦਾ 11 ਸਾਲ ਦਾ ਪੁੱਤਰ ਸੁਖਰਾਜ ਸਿੰਘ ਬਚਪਨ ਵਿੱਚ ਹੀ ਮਿਊਜਕ ਦਾ ਸ਼ੌਕ ਰੱਖਦਾ ਸੀ ਅਤੇ ਹੁਣ ਵੀ ਉਹ ਮਿਊਜਕ ਵਿੱਚ ਕਾਫੀ ਦਿਲਚਸਪੀ ਲੈਂਦਾ ਹੈ। ਸੁਖਰਾਜ ਮਿਊਜਿਕ ਕੀ-ਬੋਰਡ ਦੇ ਨਾਲ-ਨਾਲ ਵੱਖ-ਵੱਖ ਤਰਾਂ ਦੇ ਰੂਬਿਕ ਕਿਊਬ ਪਜਲ ਵੀ ਕੁਝ ਹੀ ਸੈਕਿੰਡਾਂ ਵਿਚ ਹੱਲ ਕਰ ਦਿੰਦਾ ਹੈ।
ਇਸ ਤੋਂ ਪਹਿਲਾਂ ਰੂਬਿਕ ਕਿਊਬ ਪਜਲ ਬਹੁਤ ਘੱਟ ਸਮੇਂ ਵਿਚ ਹੱਲ ਕਰਨ ਦੇ ਤਾਂ ਬਹੁਤ ਰਿਕਾਰਡ ਹਨ, ਪਰ ਕਿਊਬ ਹੱਲ ਕਰਨ ਮੌਕੇ ਇਕ ਹੱਥ ਨਾਲ ਮਿਊਜਕ ਪਲੇਅਰ ਓਪਰੇਟ ਕਰਕੇ ਸੁਖਰਾਜ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਉਨਾਂ ਦੱਸਿਆ ਕਿ ਸੁਖਰਾਜ ਨੂੰ ਉਸ ਦੀ ਨਾਨੀ ਨੇ ਇੱਕ ਪਜਲ ਦਿੱਤਾ ਸੀ ਅਤੇ ਉਸ ਦਿਨ ਤੋਂ ਹੀ ਇਸ ਪਜਲ ਨੂੰ ਹੱਲ ਕਰਨ ਸਬੰਧੀ ਉਸ ਦੀ ਰੁਝੀ ਪੈਦਾ ਹੋ ਗਈ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਕਾਫੀ ਕੋਸ਼ਿਸ਼ ਕਰਦਾ ਰਿਹਾ ਪਰ ਕਾਮਯਾਬ ਨਹੀਂ ਹੋ ਸਕਿਆ ਜਿਸ ਦੇ ਬਾਅਦ ਉਸ ਨੇ ਆਨਲਾਈਨ ਕੋਚਿੰਗ ਲਈ ਅਤੇ ਪਜਲ ਹੱਲ ਕਰਨੀ ਸਿੱਖੀ ਜਿਸ ਤੋਂ ਬਾਅਦ ਅੱਜ ਉਸਨੇ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡਜ ਵਿਚ ਦਰਜ ਕਰਵਾਇਆ ਹੈ।
ਮਾਪਿਆਂ ਦੇ ਪੁੱਤਰ ਸੁਖਰਾਜ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਪਜਲ ਹੱਲ ਕਰਨਾ ਸਿੱਖਣ ਦੇ ਬਾਅਦ ਅੱਖਾਂ ਬੰਦ ਕਰਕੇ ਕੈਸੀਓ ਮਿਊਜਕ ਪਲੇਅਰ ਚਲਾਉਣਾ ਵੀ ਸਿੱਖਿਆ ਅਤੇ ਜਦੋਂ ਪੂਰੀ ਮੁਹਾਰਤ ਹੋ ਗਈ ਤਾਂ ਬਾਅਦ ਵਿੱਚ ਉਸ ਨੇ ਇੱਕੋ ਹੱਥ ਨਾਲ ਪਜਲ ਹੱਲ ਕਰਨ ਦੀ ਪ੍ਰੈਕਟਿਸ ਕੀਤੀ। ਜਦੋਂ ਇਸ ਵਿਚ ਵੀ ਸਫਲ ਹੋ ਗਿਆ ਤਾਂ ਉਸ ਨੇ ਇਹ ਦੋਵੇਂ ਕੰਮ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਅਤੇ ਹੁਣ ਇਸ ਵਿੱਚ ਨਵਾਂ ਰਿਕਾਰਡ ਬਣਾ ਕੇ ਇੰਡੀਆ ਬੁੱਕ ਆਫ ਰਿਕਾਰਡਜ ਵਿਚ ਨਾਮ ਦਰਜ ਕਰਵਾਇਆ ਹੈ। ਉਕਤ ਬੱਚੇ ਦੀ ਵੱਡੀ ਪ੍ਰਾਪਤੀ 'ਤੇ ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਉਸ ਨੂੰ ਸਨਮਾਨਿਤ ਕੀਤਾ ਅਤੇ ਨਗਦ ਰਾਸ਼ੀ ਦੇ ਕੇ ਹੌਂਸਲਾ ਅਫਜਾਈ ਵੀ ਕੀਤੀ।
ਇਹ ਵੀ ਪੜ੍ਹੋ:ਜ਼ਿਮਣੀ ਚੋਣਾਂ :ਸੰਗਰੂਰ ਤੋਂ ਕਾਂਗਰਸ ਨੇ ਦਲਵੀਰ ਗੋਲਡੀ ਨੂੰ ਮੁਕਾਬਲੇ 'ਚ ਉਤਾਰਿਆ