ਚੰਡੀਗੜ੍ਹ : ਖਾਲਸਾ ਵਹੀਰ ਦੀ ਮੁੜ ਸ਼ੁਰੂਆਤ ਤਰਨਤਾਰਨ ਦੇ ਖੇਮਕਰਨ ਤੋਂ ਸ਼ੁਰੂ ਹੋ ਕੇ ਸਰਹੱਦੀ ਪਿੰਡ ਭੂਰਾਕੋਨਾ ਵਿਖੇ ਪਹੁੰਚੀ। ਦਰਅਸਲ ਗੁਰਦਾਸਪੁਰ ਦੇ ਸਰਹੱਦੀ ਪਿੰਡ ਭੂਰਾਕੋਨਾ ਵਿਖੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਸੀ। ਇਸ ਵਹੀਰ ਵਿਚ ਵਧ ਚੜ੍ਹ ਕੇ ਸੰਗਤ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਨਿਹੰਗ ਜਥੇਬੰਦੀਆਂ ਵੀ ਸ਼ਾਮਲ ਹੋਈਆਂ। ਇਸ ਦੌਰਾਨ ਵਹੀਰ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨ ਉਪਰੰਤ ਹੋਈ। ਇਸ ਮੌਕੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਵਹੀਰ ਸਰਹੱਦੀ ਪਿੰਡ ਭੂਰਾਕੋਨਾ ਵਿਖੇ ਪਹੁੰਚੇਗੀ, ਜਿਥੇ ਸੰਗਤ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਆ ਜਾਵੇਗਾ।
ਊਲ-ਜਲੂਲ ਬੋਲਦੀ ਐ ਕੰਗਨਾ ਰਣੌਤ :ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਦੌਰਾਨ ਵਧ ਤੋਂ ਵਧ ਨੌਜਾਵਾਨਾਂ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਬੰਦ ਹੋਣ ਉਤੇ ਬੋਲਦਿਆਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਨੇ ਜਦੋਂ ਕੋਈ ਉੱਠਦੀ ਆਵਾਜ਼ ਦੱਬਣੀ ਹੋਵੇ ਤਾਂ ਕੋਈ ਨਾ ਕੋਈ ਹਥਕੰਡੇ ਜ਼ਰੂਰ ਅਪਣਾਉਂਦੀ ਹੈ, ਜਦੋਂ ਆਵਾਜ਼ ਨਹੀਂ ਸੁਣੀ ਜਾਂਦੀ ਤਾਂ ਫਿਰ ਕੋਈ ਨਾ ਕੋਈ ਹੋਰ ਰਸਤਾ ਲੱਭਣਾ ਹੀ ਪੈਂਦਾ ਹੈ। ਕੰਗਣਾ ਰਣੌਤ ਵੱਲੋਂ ਖੁੱਲ੍ਹੀ ਬਹਿਸ ਦੀ ਗੱਲ ਉਤੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕਈ ਲੋਕਾਂ ਨੂੰ ਹਰ ਗੱਲ ਵਿਚ ਊਲ-ਜਲੂਲ ਬੋਲਣ ਦੀ ਆਦਤ ਜ਼ਰੂਰ ਹੁੰਦੀ ਹੈ, ਇਨ੍ਹਾਂ ਨੂੰ ਜ਼ਿਆਦਾ ਗੰਭੀਰ ਨਹੀਂ ਲੈਣਾ ਚਾਹੀਦਾ।
ਇਹ ਵੀ ਪੜ੍ਹੋ :Mathura Road Accident: ਐਕਸਪ੍ਰੈਸ ਵੇਅ 'ਤੇ ਪਲਟੀ ਬੱਸ, 3 ਲੋਕਾਂ ਦੀ ਮੌਤ, 22 ਜਖ਼ਮੀ
ਜੇਕਰ ਅਸੀਂ ਇਕੱਠੇ ਨਾ ਹੋਈਏ ਤਾਂ ਹਕੂਮਤ ਕਦੇ ਸਾਡੀ ਗੱਲ ਨਾ ਸੁਣੇ :ਇਸ ਉਪਰੰਤ ਭਾਈ ਅਮਰੀਕ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦਾਸਪੁਰ ਦੇ ਪਿੰਡ ਭੂਰਾਕੋਨਾ ਵਿਖੇ ਕਰਵਾਏ ਸਮਾਗਮ ਵਿਚ ਪਹੁੰਚ ਕੇ ਅੰਮ੍ਰਿਤਪਾਲ ਸਿੰਘ ਵੱਲੋਂ ਸੰਗਤ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਅਜਨਾਲੇ ਘਟਨਾ ਉਤੇ ਬੋਲਦਿਆਂ ਉਸ ਨੇ ਕਿਹਾ ਕਿ ਇਹ ਪੰਥ ਦੀ ਜਿੱਤ ਹੋਈ ਹੈ। ਜੇਕਰ ਅਸੀਂ ਇਕੱਠੇ ਨਾ ਹੋਈਏ ਤਾਂ ਹਕੂਮਤ ਕਦੇ ਸਾਡੀ ਗੱਲ ਨਾ ਸੁਣੇ। ਉਸ ਨੇ ਕਿਹਾ ਕਿ ਇਹ ਮਾਮਲਾ ਸਿਰਫ ਇਕ ਤੂਫਾਨ ਸਿੰਘ ਨੂੰ ਛੁਡਾਉਣ ਦਾ ਨਹੀਂ। ਉਸ ਨੇ ਕਿਹਾ ਕਿ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਸਾਡੇ ਕਿਸੇ ਇਕ ਸਿੱਖ ਉਤੇ ਮੁਸੀਬਤ ਆਵੇ ਤਾਂ ਅਸੀਂ ਉਸੇ ਤਰ੍ਹਾਂ ਹੀ ਇਕੱਠੇ ਹੋਈਏ।
ਨਾ ਤਾਂ ਦਿੱਲੀ ਤੋਂ ਕੋਈ ਆਸ ਹੈ ਤੇ ਨਾ ਹੀ ਸੂਬਾ ਸਰਕਾਰ ਤੋਂ : ਅੰਮ੍ਰਿਤਪਾਲ ਨੇਬੰਦੀ ਸਿੰਘਾਂ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਨਾ ਤਾਂ ਦਿੱਲੀ ਤੋਂ ਕੋਈ ਆਸ ਹੈ ਤੇ ਨਾ ਹੀ ਸੂਬਾ ਸਰਕਾਰ ਤੋਂ। ਸਾਨੂੰ ਸਿਰਫ ਅਕਾਲ ਪੁਰਖ ਤੋਂ ਆਸ ਹੈ, ਜੇਕਰ ਸਾਡੇ ਬੰਦੀ ਸਿੰਘ ਬਾਹਰ ਆਉਂਦੇ ਹਨ ਤਾਂ ਕੌਮ ਹੋਰ ਚੜ੍ਹਦੀਕਲਾ ਵਿਚ ਹੋਵੇਗੀ। ਕੱਲ੍ਹ ਜੋ ਅਜਨਾਲੇ ਵਿਚ ਵਾਪਰਿਆ ਹੈ, ਇਸ ਦਾ ਉਹ ਲੋਕ ਵਿਰੋਧ ਕਰਨਗੇ ਜਿਨ੍ਹਾਂ ਨੇ ਸੋਚਿਆ ਹੈ, ਕਿ ਅੰਮ੍ਰਿਤਪਾਲ ਦੀ ਹਰ ਗੱਲ ਦਾ ਵਿਰੋਧ ਕਰਨਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਨੇ ਦੀਪ ਸਿੱਧੂ ਵੱਲੋਂ ਨਿਸ਼ਾਨ ਸਾਹਿਬ ਝੁਲਾਉਣ ਵੇਲੇ ਵੀ ਉਸ ਘਟਨਾ ਨੂੰ ਇਸ ਤਰੀਕੇ ਨਾਲ ਪੇਸ਼ ਕੀਤਾ, ਇਕ ਵਾਰ ਸਭ ਨੂੰ ਲੱਗਾ ਕਿ ਇਹ ਗਲਤ ਸੀ, ਪਰ ਜਦੋਂ ਤਕ ਸਾਨੂੰ ਹੋਸ਼ ਆਈ ਉਸ ਸਮੇਂ ਤਕ ਬਹੁਤ ਦੇਰ ਹੋ ਚੁੱਕੀ ਸੀ।