ਗੁਰਦਾਸਪੁਰ: ਜ਼ਿਲ੍ਹੇ ਦੀ ਰਹਿਣ ਵਾਲੀ ਅੰਮ੍ਰਿਤਪਾਲ ਕੌਰ ਨੇ ਯੂਪੀਐੱਸਸੀ ਦੀ ਪ੍ਰੀਖਿਆ 'ਚ ਪੂਰੇ ਦੇਸ਼ ਵਿਚੋਂ 44ਵਾਂ ਸਥਾਨ ਹਾਸਲ ਕੀਤਾ ਹੈ। ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਹ ਤਿੰਨ ਵਾਰ ਪਹਿਲਾਂ ਵੀ ਪ੍ਰੀਖਿਆ ਦੇ ਚੁੱਕੀ ਹੈ ਪਰ ਉਸ ਨੂੰ ਸਫ਼ਲਤਾ ਪ੍ਰਾਪਤ ਨਹੀਂ ਹੋਈ ਪਰ ਉਸ ਨੇ ਕੋਸ਼ਿਸ਼ ਨਹੀਂ ਛੱਡੀ ਅਤੇ ਚੌਥੀ ਵਾਰ ਪ੍ਰੀਖਿਆ ਦੇਣ ਮਗਰੋਂ ਉਸ ਨੇ ਹੁਣ 44ਵਾਂ ਸਥਾਨ ਹਾਸਲ ਕਰਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ।
ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਉਸ ਦਾ ਬਚਪਨ ਤੋਂ ਹੀ ਸੁਪਨਾ ਸੀ ਕਿ ਉਸ ਡੀਸੀ ਬਣੇ। ਇਸ ਲਈ ਉਸ ਨੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਤਿੰਨ ਵਾਰ ਆਈਏਐੱਸ ਲਈ ਪ੍ਰੀਖਿਆ ਦਿੱਤੀ। ਤੀਜੀ ਵਾਰ ਉਸ ਨੂੰ 370ਵਾਂ ਸਥਾਨ ਪ੍ਰਾਪਤ ਹੋਇਆ ਅਤੇ ਉਸ ਨੇ ਰੇਲਵੇ ਵਿਭਾਗ 'ਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਪਰ ਉਸ ਨੂੰ ਇਸ ਨੌਕਰੀ 'ਚ ਸੰਤੁਸ਼ਟੀ ਨਹੀਂ ਸੀ।