ਗੁਰਦਾਸਪੁਰ: ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਪ੍ਰੈਸ ਕਾਨਫਰੰਸ ਕਰ ਸੱਤਾਧਾਰੀ ਪਾਰਟੀ ਕਾਂਗਰਸ ’ਤੇ ਨਗਰ ਕੌਂਸਲ ਚੋਣਾਂ ਦੌਰਾਨ ਧੱਕੇਸ਼ਾਹੀ ਦੇ ਆਰੋਪ ਲਗਾਏ ਹਨ। ਇਸ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗਲਬਾਤ ਕਰਦਿਆਂ ਬੱਬੇਹਾਲੀ ਨੇ ਕਿਹਾ ਕਿ 14 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਵਲੋਂ ਪੰਜਾਬ ਸਮੇਤ ਗੁਰਦਾਸਪੁਰ ਵਿਚ ਅਕਾਲੀ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਧੱਕੇ ਨਾਲ ਜਾਅਲੀ ਵੋਟਾਂ ਭੁਗਤਾਈਆਂ ਗਈਆਂ ਹਨ।
ਗੁਰਬਚਨ ਸਿੰਘ ਬੱਬੇਹਾਲੀ ਨੇ ਕਾਂਗਰਸ ’ਤੇ ਚੋਣਾਂ ਦੌਰਾਨ ਧੱਕੇਸ਼ਾਹੀ ਕਰਨ ਦੇ ਲਾਏ ਇਲਜ਼ਾਮ ਪੁਲਿਸ ਨੇ ਗੱਡੀਆਂ ਜ਼ਬਰੀ ਥਾਣੇ ਬੰਦ ਕਰਨ ਉਪਰੰਤ ਖ਼ੁਦ ਗੱਡੀਆਂ ’ਚ ਹਥਿਆਰ ਰੱਖੇ: ਬੱਬੇਹਾਲੀ
ਬੱਬੇਹਾਲੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਦਾਸਪੁਰ ’ਚ ਪੁਲਿਸ ਵਲੋਂ ਰਜਨੀਤਿਕ ਸ਼ਹਿ ’ਤੇ ਜਬਰਨ ਉਹਨਾਂ ਦੀਆਂ ਚਾਰ ਗੱਡੀਆਂ ਨੂੰ ਥਾਣੇ ’ਚ ਡੱਕ ਕੇ ਉਹਨਾਂ ਦੇ ਤਿੰਨ ਪਾਰਟੀ ਵਰਕਰਾਂ ’ਤੇ ਝੂਠੇ ਮਾਮਲੇ ਦਰਜ਼ ਕੀਤੇ ਗਏ ਹਨ। ਜਦ ਕਿ ਉਹਨਾਂ ਨੇ ਉਹ ਗੱਡੀਆਂ ਅਪੰਗ ਅਤੇ ਬਜ਼ੁਰਗ ਵੋਟਰਾਂ ਨੂੰ ਬੂਥਾਂ ਤਕ ਪਹੁੰਚਣ ਲਈ ਲਗਾਈਆਂ ਹੋਈਆਂ ਸਨ। ਪੁਲਿਸ ਨੇ ਉਹਨਾਂ ਦੀਆਂ ਗੱਡੀਆਂ ਨੂੰ ਥਾਣੇ ’ਚ ਬੰਦ ਕਰ ਉਨ੍ਹਾਂ ਵਿਚ ਖ਼ੁਦ ਦਸਤੀ ਹਥਿਆਰ ਰੱਖੇ।
ਪ੍ਰਸ਼ਾਸ਼ਨ ਨੂੰ ਅਗਾਊਂ ਸੂਚਿਤ ਕੀਤਾ ਗਿਆ ਸੀ ਕਿ ਕੁਝ ਸਰਕਾਰੀ ਮੁਲਾਜ਼ਮ ਚੋਣਾਂ ਦੌਰਾਨ ਪੱਖਪਾਤ ਕਰ ਸਕਦੇ ਹਨ: ਬੱਬੇਹਾਲੀ
ਉਹਨਾਂ ਦੱਸਿਆ ਕਿ ਸਾਡੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਮੰਗ-ਪੱਤਰ ਜ਼ਰੀਏ ਜਾਣਕਾਰੀ ਦਿੱਤੀ ਗਈ ਸੀ ਕਿ ਕੁਝ ਸਰਕਾਰੀ ਮੁਲਾਜ਼ਮ ਵੋਟਾਂ ਦੌਰਾਨ ਸੱਤਾਧਾਰੀ ਕਾਂਗਰਸ ਪਾਰਟੀ ਦਾ ਪੱਖ ਪੂਰ ਸਕਦੇ ਹਨ, ਜਿਸ ਕਾਰਨ ਚੋਣਾਂ ਦੌਰਾਨ ਉਨ੍ਹਾਂ ਦੀਆਂ ਡਿਊਟੀਆਂ ਨਾ ਲਗਾਈਆਂ ਜਾਣ। ਪਰ ਜਿਲ੍ਹਾ ਪ੍ਰਸਾਸ਼ਨ ਵੱਲੋਂ ਇਸ ਦੇ ਬਾਵਜੂਦ ਕਿਸੇ ਵੀ ਮੁਲਾਜ਼ਮ ਦੀ ਡਿਊਟੀ ਰੱਦ ਨਹੀਂ ਕੀਤੀ ਗਈ। ਬੱਬੇਹਾਲੀ ਨੇ ਅਕਾਲੀ ਦਲ ਪਾਰਟੀ ਦੇ ਆਧਾਰ ’ਤੇ ਮੰਗ ਕੀਤੀ ਹੈ ਕਿ ਉਨ੍ਹਾਂ ਧੱਕਾ ਕਰਨ ਵਾਲੇ ਸਰਕਾਰੀ ਮੁਲਾਜਮਾਂ ਨੂੰ ਮੁਅੱਤਲ ਕੀਤਾ ਜਾਵੇ ਅਤੇ ਪਾਰਟੀ ਵਰਕਰਾਂ ’ਤੇ ਦਰਜ ਕੀਤੇ ਗਏ ਝੂਠੇ ਮਾਮਲੇ ਰੱਦ ਕੀਤੇ ਜਾਣ।