ਗੁਰਦਾਸਪੁਰ: ਇਸ ਦੁਨੀਆਂ ਵਿੱਚ ਕਈ ਅਜਿਹੇ ਬੇਸਹਾਰਾ ਲੋਕ ਹਨ, ਜਿਹਨਾਂ ਦਾ ਕੋਈ ਸਹਾਰਾ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣਾ ਜੀਵਨ ਸੜਕਾਂ ਉਪਰ ਬਤੀਤ ਕਰਨਾ ਪੈਂਦਾ ਹੈ। ਬਜ਼ੁਰਗ ਹਾਲਤ ਵਿੱਚ ਉਮਰ ਦੇ ਅਖੀਰਲੇ ਪੜਾਅ ਨੂੰ ਕੱਟਦਿਆਂ ਇਹਨਾਂ ਬੇਸਹਾਰਾ ਬਜ਼ੁਰਗਾਂ ਨੂੰ ਕਈ ਦਿਕੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਬਦਕਿਸਮਤੀ ਨਾਲ ਸਹਾਰਾ ਨਾ ਮਿਲਣ ਕਰਕੇ ਕਈਆਂ ਨੂੰ ਸੜਕਾਂ ਉੱਤੇ ਹੀ ਲਾਵਾਰਿਸ ਹਲਾਤਾਂ 'ਚ ਮੌਤ ਹੋ ਜਾਂਦੀ ਹੈ। ਪਰ ਕਹਿੰਦੇ ਹੈ ਨਾ ਕਿ ਜਿਸ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਉਹ ਜ਼ਿੰਦਗੀ ਜਿਉਣ ਦਾ ਕੋਈ ਨਾ ਕੋਈ ਸਹਾਰਾ ਵੀ ਭੇਜ ਦਿੰਦਾ ਹੈ। ਉਨ੍ਹਾਂ ਵਿੱਚ ਇਨ੍ਹਾਂ ਬੇਸਹਾਰਾ ਲੋਕਾਂ ਦਾ ਸਹਾਰਾ ਬਣਨ ਵਾਲੀ ਹੈ ਗੁਰਦਾਸਪੁਰ ਦੇ ਪਿੰਡ ਲੇਹਲ ਦੀ ਮਾਨਵਤਾ ਦੀ ਸੇਵਾ ਸੰਸਥਾ। ਜਿਥੇ ਕੁਝ ਨੌਜਵਾਨਾਂ ਦੇ ਊਧਮ ਸਦਕਾ ਭਗਤ ਪੂਰਨ ਸਿੰਘ ਦੀ ਸੇਵਾ ਤੋਂ ਪ੍ਰਭਾਵਿਤ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਜ਼ੁਰਗਾਂ ਲਈ ਇੱਕ ਆਸ਼ਰਮ ਵੀ ਬਣਾਇਆ ਹੈ। ਜਿਸ ਵਿੱਚ ਇਸ ਵਕਤ 40 ਦੇ ਕਰੀਬ ਬੇਸਹਾਰਾ ਨੌਜਵਾਨ ਅਤੇ ਬਜ਼ੁਰਗ ਰਹੇ ਹਨ। ਜਿਨ੍ਹਾਂ ਦੀ ਸੇਵਾ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ, ਇਥੇ ਮੌਜੂਦ ਹਰ ਇੱਕ ਬੇਸਹਾਰਾ ਬਜ਼ੁਰਗ ਅਤੇ ਨੌਜਵਾਨ ਦੀ ਇੱਕ ਆਪਣੀ ਵੱਖਰੀ ਕਹਾਣੀ ਹੈ।
ਮਾਨਵਤਾ ਸੇਵਾ ਆਸ਼ਰਮ:ਸੰਸਥਾ ਦੇ ਨੌਜਵਾਨ ਸੇਵਾਦਰ ਪੰਕਜ ਨੇ ਦੱਸਿਆ ਕੀ ਉਹਣਾ ਦੇ ਆਸ਼ਰਮ ਵਿੱਚ ਇੱਕ ਰਾਮਚੰਦਰ ਨਾਮ ਦਾ ਵਿਅਕਤੀ ਹੈ ਜਿਸ ਦੀ ਉਮਰ ਇਸ ਵੇਲੇ 56 ਸਾਲ ਹੈ। ਜਦੋਂ ਛੋਟੇ ਸੀ ਤਾਂ ਪਿਤਾ ਗੁਜ਼ਰ ਗਏ। ਬਟਾਲਾ ਦੇ ਇਲਾਕੇ ਸ਼ਾਂਤੀ ਨਗਰ ਵਿੱਚ ਮਾਂ ਨਾਲ ਦੋਵੇਂ ਭਰਾ ਕਿਰਾਏ ਦੇ ਮਕਾਨ 'ਤੇ ਰਹਿੰਦੇ ਅਤੇ ਇਕ ਚਾਹ ਦੀ ਦੁਕਾਨ 'ਤੇ ਕੰਮ ਕਰਦੇ ਸਨ। ਕੁਝ ਸਮੇਂ ਬਾਅਦ ਮਾਂ ਦੀ ਵੀ ਮੌਤ ਹੋ ਗਈ ਤੇ ਦੋਨੋਂ ਭਰਾ ਦਿਮਾਗੀ ਤੌਰ 'ਤੇ ਪਰੇਸ਼ਾਨ ਹੋ ਗਏ। ਬਟਾਲਾ ਦੀਆਂ ਗਲੀਆਂ ਸੜਕਾਂ ਵਿੱਚ ਘੁੰਮਦੇ ਇੱਕ ਦਿਨ ਕਿਸੇ ਨੌਜਵਾਨ ਦੀ ਨਜ਼ਰ ਉਨਾਂ 'ਤੇ ਪੈ ਗਈ ਅਤੇ ਉਹ ਮਾਨਵਤਾ ਸੇਵਾ ਆਸ਼ਰਮ ਵਿਖੇ ਛੱਡ ਗਏ। ਉਦੋਂ ਦੇ ਹੀ ਇਹ ਬਜੁਰਗ ਇੱਥੇ ਇੱਥੇ ਰਹਿ ਰਹੇ ਹਨ। ਇੱਥੇ ਉਨ੍ਹਾਂ ਦਾ ਇਲਾਜ ਹੋਇਆ ਰਾਮ ਚੰਦਰ ਬਿਲਕੁਲ ਠੀਕ ਹੋ ਗਏ ਅਤੇ ਆਸ਼ਰਮ ਵਿੱਚ ਇਸ ਵੇਲੇ ਚੰਗੀ ਜਿੰਦਗੀ ਬਤੀਤ ਕਰ ਰਹੇ ਹਨ।