ਗੁਰਦਾਸਪੁਰ: ਕੋਰੋਨਾ ਪੀੜਤਾਂ ਦੇ ਇਲਾਜ ਲਈ ਸੀਮਤ ਸਾਧਨਾਂ ਦੇ ਬਾਵਜੂਦ ਸਿਵਲ ਹਸਪਤਾਲ ਦਾ ਅਮਲਾ ਮਰੀਜ਼ਾਂ ਦੀ ਦੇਖਭਾਲ ਲਈ ਜੂਝ ਰਿਹਾ ਹੈ। ਕੋਰੋਨਾ ਮਰੀਜ਼ਾਂ ਦੇ ਲਈ ਬਣਾਏ ਗਏ ਆਈਸੋਲੇਸ਼ਨ ਵਾਰਡ ਵਿਚ ਮਰੀਜ਼ਾਂ ਨੂੰ ਠੀਕ ਕਰਨ ਲਈ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਸਿਵਲ ਹਸਪਤਾਲ ਵਿੱਚ ਕੋਰੋਨਾ ਪੀੜਤਾਂ ਲਈ 50 ਬੈਡਾਂ ਦਾ ਆਈਸੋਲੇਸ਼ਨ ਵਾਰਡ ਬਣਾਇਆ ਹੈ ਜਿਸ ਵਿੱਚ ਕੋਰੋਨਾ ਮਰੀਜਾਂ ਲਈ ਆਕਸੀਜਨ,ਬਲੱਡ ਟੈਸਟ ਅਤੇ ਇਸੀਜੀ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਸਮੇਂ ਸਮੇਂ ਦੇ ਕੋਰੋਨਾ ਮਰੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੋਡਲ ਅਧਿਕਾਰੀ ਡਾ. ਭੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਵਾਰਡ ਵਿਚ ਮਰੀਜ਼ਾਂ ਨੂੰ ਠੀਕ ਕਰਨ ਲਈ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਵਾਰਡ ਵਿਚ ਲੈਵਲ-2 ਦੇ ਮਰੀਜ਼ਾਂ ਨੂੰ ਰੱਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਇਸ ਵਾਰਡ ਵਿਚ ਕੋਵਿਡ ਪੀੜਤ ਮਰੀਜ਼ਾਂ ਨੂੰ ਰੱਖਿਆ ਜਾ ਰਿਹਾ ਅਤੇ ਮਰੀਜ਼ਾਂ ਨੂੰ ਕੋਵਿਡ ਦੇ ਲੱਛਣਾਂ ਮੁਤਾਬਿਕ ਦੋ ਕੈਟਾਗਰੀਆਂ ਵਿਚ ਵੰਡ ਕੇ ਇਲਾਜ ਕੀਤਾ ਜਾ ਰਿਹਾ ਹੈ।