ਗੁਰਦਾਸਪੁਰ:ਅਕਸਰ ਹੀ ਕਹਿੰਦੇ ਨੇ ਰੱਬ ਦੇ ਰੰਗਾਂ ਦਾ ਕੁੱਝ ਪਤਾ ਨਹੀਂ ਲੱਗਦਾ। ਅਜਿਹਾ ਹੀ ਕੁੱਝ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਹੋਇਆ, ਜਿੱਥੇ ਇੱਕ ਗਰਭਵਤੀ ਮਹਿਲਾ ਨੇ ਹਸਪਤਾਲ ਦੇ ਜਨ ਔਸ਼ਧੀ ਸੈਂਟਰ ਦੇ ਬਾਹਰ ਫਰਸ਼ ਉੱਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਇਸ ਮੌਕੇ ਉੱਤੇ ਮਹਿਲਾ ਦੇ ਪਤੀ ਨੇ ਹੀ ਬੱਚੇ ਨੂੰ ਸੰਭਾਲਿਆ ਅਤੇ ਕਿਸੇ ਹੋਰ ਮਹਿਲਾ ਦੀ ਸਹਾਇਤਾ ਨਾਲ ਨਵਜੰਮੇ ਬੱਚੇ ਨੂੰ ਨਰਸਿੰਗ ਸਟਾਫ ਤੱਕ ਪਹੁੰਚਾਇਆ। ਜਨੇਪੇ ਦੀ ਇਹ ਸਾਰੀ ਘਟਨਾ ਸਰਕਾਰੀ ਹਸਪਤਾਲ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ। ਫਿਲਹਾਲ ਡਾਕਟਰਾਂ ਵੱਲੋਂ ਬੱਚੇ ਤੇ ਮਹਿਲਾ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਜੱਚਾ-ਬੱਚਾ ਦੋਨੋਂ ਸਿਹਤਮੰਦ ਹਨ।
ਜਨ ਔਸ਼ਧੀ ਸੈਂਟਰ ਬਾਹਰ ਬੱਚੇ ਦਾ ਜਨਮ:ਇਸ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਵਿੱਚ ਆਏ ਗਰਭਵਤੀ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹ ਪਿੰਡ ਧਾਰੀਵਾਲ ਦੇ ਰਹਿਣ ਵਾਲੇ ਹਨ ਅਤੇ ਉਸਦੀ ਪਤਨੀ ਗਰਭਵਤੀ ਸੀ ਤੇ ਸ਼ੁੱਕਰਵਾਰ ਨੂੰ ਅਚਾਨਕ ਹੀ ਉਸ ਦੇ ਦਰਦਾਂ ਛਿੜ ਗਈਆਂ। ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਆਂਦਾ ਗਿਆ ਅਤੇ ਜਦੋਂ ਉਹ ਸਿਵਲ ਹਸਪਤਾਲ ਦੇ ਜਨ ਔਸ਼ਧੀ ਸੈਂਟਰ ਨੇੜੇ ਪਹੁੰਚੇ ਤਾਂ ਉਸ ਦੀ ਪਤਨੀ ਦੀ ਅਚਾਨਕ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਤੇ ਜਨੇਪਾ ਹੋ ਗਿਆ।