12ਵੀਂ ਦਾ ਪੇਪਰ ਲੀਕ ਹੋਣ ਦੇ ਮਾਮਲੇ 'ਚ ਐੱਫਆਈਆਰ ਦਰਜ ਗੁਰਦਾਸਪੁਰ : ਬੀਤੇ ਕੱਲ੍ਹ 24 ਫਰਵਰੀ ਨੂੰ ਹੋਣ ਵਾਲੀ ਅੰਗ੍ਰੇਜ਼ੀ ਦੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਲੋਂ 5 ਘੰਟੇ ਪਹਿਲਾਂ ਹੀ ਪੇਪਰ ਲੀਕ ਹੋਣ ਦੇ ਕਾਰਨ ਰੱਦ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਹੁਣ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ, ਗੁਰਦਾਸਪੁਰ ਸਿਟੀ ਪੁਲਿਸ ਨੇ ਪੇਪਰ ਲੀਕ ਮਾਮਲੇ ਵਿਚ ਅਣਪਛਾਤੇ ਸਾਜ਼ਿਸ਼ ਘਾੜਿਆਂ ਖ਼ਿਲਾਫ਼ 25 ਫਰਵਰੀ ਨੂੰ 40 ਨੰਬਰ ਮੁਕੱਦਮਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ 12ਵੀਂ ਜਮਾਤ ਦੇ ਅੰਗ੍ਰੇਜ਼ੀ ਦੇ ਪੇਪਰ ਲੀਕ ਹੋਣ ਦੀ ਜਾਣਕਾਰੀ ਦਿੰਦਿਆਂ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਸੀ। ਇਹ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਐੱਸਐੱਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਮਾਮਲਾ ਡੀਈਓ ਅਮਰਜੀਤ ਸਿੰਘ ਭਾਟੀਆ ਦੀ ਸ਼ਿਕਾਇਤ ਉਤੇ ਦਰਜ ਕੀਤਾ ਗਿਆ ਹੈ। ਭਾਟੀਆ ਨੇ ਪੁਲਿਸ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਕਿਸੇ ਵੱਲੋਂ ਵ੍ਹਟਸਐਪ 'ਤੇ 12ਵੀਂ ਦੀ ਅੰਗ੍ਰੇਜ਼ੀ ਦੇ ਪੇਪਰ ਦੇ ਸਕਰੀਨ ਸ਼ਾਰਟ ਭੇਜੇ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਇਸ ਮਾਮਲੇ ਵਿਚ ਹੁਣ ਡੀਈਓ ਭਾਟੀਆ ਦੀ ਦਰਖ਼ਾਸਤ ਉਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ :Snatching in Gurdaspur: ਦਿਨ-ਦਿਹਾੜੇ ਲੁਟੇਰਿਆਂ ਨੇ ਝਪਟੀਆਂ ਬਜ਼ੁਰਗ ਔਰਤ ਦੀਆਂ ਵਾਲੀਆਂ...
ਬੋਰਡ ਵੱਲੋਂ ਜਲਦ ਹੀ ਨਵੀਂ ਤਰੀਕ ਦਾ ਕੀਤਾ ਜਾਵੇਗਾ ਐਲਾਨ :ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਦਖਲ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦਾ ਅੰਗਰੇਜ਼ੀ ਲਾਜ਼ਮੀ ਦਾ ਪੇਪਰ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਪੇਪਰ 24 ਫਰਵਰੀ ਨੂੰ ਹੋਣਾ ਸੀ। ਇਸ ਦਾ ਕਾਰਨ ਪੇਪਰ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ। ਪੇਪਰ ਲੀਕ ਹੋਣ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਮਿਲੀ ਸੀ, ਜਿਸ 'ਤੇ ਸਿੱਖਿਆ ਵਿਭਾਗ ਅਤੇ ਸਰਕਾਰ ਨੇ ਤੁਰੰਤ ਐਕਸ਼ਨ ਲਿਆ। ਇਸੇ ਐਕਸ਼ਨ ਦੇ ਤਹਿਤ ਅੱਜ ਹੋਣ ਵਾਲਾ ਅੰਗਰੇਜ਼ੀ ਦਾ ਪੇਪਰ ਮੁਲਤਵੀ ਕੀਤਾ ਗਿਆ ਹੈ। ਜਦਕਿ ਬੋਰਡ ਵੱਲੋਂ ਪੇਪਰ ਨੂੰ ਮੁਲਤਵੀ ਕਰਨ ਦੇ ਕਾਰਨ ਪ੍ਰਬੰਧਕੀ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਬੋਰਡ ਵੱਲੋਂ ਕਿਹਾ ਗਿਆ ਕਿ ਜਲਦ ਹੀ ਬੋਰਡ ਵੱਲੋਂ ਪੇਪਰ ਲਈ ਨਵੀਂ ਤਰੀਕ ਦਾ ਐਲਾਨ ਕੀਤਾ ਜਾਵੇਗਾ। ਬੋਰਡ ਵੱਲੋਂ ਇਹ ਵੀ ਸਾਫ਼ ਕਰ ਦਿੱਤਾ ਗਿਆ ਹੈ ਕਿ ਬਾਕੀ ਪੇਪਰ ਤੈਅ ਤਰੀਕਾਂ ਉੱਤੇ ਹੀ ਹੋਣਗੇ।
ਇਹ ਵੀ ਪੜ੍ਹੋ :Murder of Woman in Sangrur: ਖੇੜੀ ਚੰਦਵਾਂ ਵਿੱਚ ਔਰਤ ਦਾ ਸਿਰ 'ਚ ਕੁਹਾੜਾ ਮਾਰ ਕੇ ਕਤਲ
ਕਦੋਂ ਸ਼ੁਰੂ ਹੋਏ ਸੀ ਪੇਪਰ: ਦਸ ਦਈਏ ਕਿ ਬਾਰ੍ਹਵੀਂ ਜਮਾਤ ਦੇ ਪੇਪਰ 20 ਫਰਵਰੀ ਨੂੰ ਸ਼ੁਰੂ ਹੋਏ ਸਨ। 12ਵੀਂ ਜਮਾਤ ਦੇ ਪੇਪਰਾਂ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮੀ 5.13 ਤੱਕ ਦਾ ਰੱਖਿਆ ਗਿਆ ਹੈ। ਪੇਪਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿੱਖਿਆ ਮੰਤਰੀ ਵੱਲੋਂ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਸ ਵਾਰ ਪੇਪਰਾਂ 'ਚ ਨਕਲ ਨਹੀਂ ਚੱਲੇਗੀ। ਜਿਹੜਾ ਵੀ ਵਿਦਿਆਰਥੀ ਨਕਲ ਕਰਦਾ ਫੜ੍ਹਿਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।