ਗੁਰਦਾਸਪੁਰ: ਸਿਹਤ ਵਿਭਾਗ ਵੱਲੋਂ ਕੋਰੋਨਾ ਟੀਕਾਕਰਨ ਪ੍ਰੋਗਰਾਮ ਜ਼ਿਲ੍ਹੇ ’ਚ ਸਫ਼ਲ ਰਿਹਾ, ਜਿਸ ਤਹਿਤ ਸਭ ਤੋਂ ਪਹਿਲਾਂ ਹੈਲਥ ਕੇਅਰ ਵਰਕਰਾਂ ਦਾ ਉਨ੍ਹਾਂ ਦੀ ਸਹਿਮਤੀ ਨਾਲ ਟੀਕਾਕਰਨ ਕੀਤਾ ਗਿਆ।
ਇਸ ਮੌਕੇ ਸਟੇਟ ਹੈਲਥ ਏਜੰਸੀ ਦੇ ਸੀਈਓ ਅਮਿਤ ਕੁਮਾਰ ਅਤੇ ਡੀਸੀ ਮੁਹੰਮਦ ਇਸ਼ਫ਼ਾਕ ਵੱਲੋਂ ਸਿਵਲ ਹਸਪਤਾਲ ਬਟਾਲਾ ਦੁਆਰਾ ਕੀਤੀਆਂ ਤਿਆਰੀਆਂ ਸਬੰਧੀ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਸਿਵਲ ਹਸਪਤਾਲ ਬਟਾਲਾ ਵਿੱਚ ਕੋਵਿਡ-19 ਟੀਕਾਕਰਨ ਸਬੰਧੀ ਕੀਤੇ ਪ੍ਰਬੰਧਾਂ ਉੱਪਰ ਤਸੱਲੀ ਜ਼ਾਹਰ ਕੀਤੀ।
ਗੁਰਦਾਸਪੁਰ ਜ਼ਿਲ੍ਹੇ ’ਚ ਪਹੁੰਚ ਚੁੱਕੀ ਹੈ ਵੈਕਸੀਨ ਦੀ ਖੇਪ
ਇਸ ਮੌਕੇ ਸੀਈਓ ਅਮਿਤ ਕੁਮਾਰ ਵਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਟੀਕਾਕਰਨ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਟੀਕੇ ਦੀਆਂ ਖੁਰਾਕਾਂ ਦੀ ਪਹਿਲੀ ਖੇਪ ਸਾਰੇ ਜ਼ਿਲ੍ਹੇ ਦੇ ਕੋਲਡ ਚੇਨ ਸਟੋਰਾਂ ਨੂੰ ਪਹਿਲਾਂ ਹੀ ਵੰਡੀ ਜਾ ਚੁੱਕੀ ਸੀ। ਇਨਾਂ ਟੀਕਿਆਂ ਦੀ ਵਰਤੋਂ ਸਬੰਧੀ ਸਿਹਤ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਗਈ ਸੀ।
ਗੁਰਦਾਸਪੁਰ, ਬਟਾਲਾ ਤੇ ਕਲਾਨੌਰ ’ਚ ਹੋਇਆ ਕੋਰੋਨਾ ਦਾ ਵੈਕਸੀਨੇਸ਼ਨ
ਇਸਤੋਂ ਪਹਿਲਾਂ, ਟੀਕਾਕਰਨ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੀਆਂ ਥਾਵਾਂ ’ਤੇ ਭਾਰਤ ਸਰਕਾਰ ਦੇ ਤੈਅ ਸੁਰੱਖਿਆ ਮਾਪਦੰਡਾਂ ਅਨੁਸਾਰ ਇੱਕ ਟੀਕਾਕਰਨ ਅਭਿਆਸ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ੁਰੂ ਵਿੱਚ ਸਿਰਫ਼ ਰਜਿਸਟਰਡ ਲਾਭਪਾਤਰੀਆਂ (ਹੈਲਥ ਕੇਅਰ ਵਰਕਰਾਂ), ਜਿਨ੍ਹਾਂ ਦੇ ਵੇਰਵੇ ਕੋਵਿਨ ਪੋਰਟਲ ’ਤੇ ਦਰਜ ਹਨ, ਦਾ ਹੀ ਟੀਕਾਕਰਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ 16 ਜਨਵਰੀ ਨੂੰ ਤਿੰਨ ਸਿਵਲ ਹਸਪਤਾਲਾਂ ਗੁਰਦਾਸਪੁਰ, ਬਟਾਲਾ ਅਤੇ ਕਲਾਨੌਰ ਵਿਖੇ ਕੋਵਿਡ-19 ਟੀਕਾਕਰਨ ਸ਼ੁਰੂ ਕੀਤਾ ਗਿਆ ਸੀ।