ਪੰਜਾਬ

punjab

ETV Bharat / state

72 ਸਾਲਾਂ ਬਾਅਦ ਦੇਸ਼ ਨਾਲ ਜੁੜ ਹੀ ਗਏ, ਭਾਰਤ ਪਾਕਿ ਸਰਹੱਦ 'ਤੇ ਵਸੇ ਇਹ ਪਿੰਡ - ਰਾਵੀ ਦਰਿਆ ਡੇਰਾ ਬਾਬਾ ਨਾਨਕ

ਭਾਰਤ ਪਾਕਿਸਤਾਨ ਸਰਹੱਦ ਦੇ ਵਸੇ ਕਰੀਬ ਸੱਤ ਤੋਂ ਦਸ ਪਿੰਡਾਂ ਨੂੰ ਰਾਵੀ ਦਰਿਆ ਨੇ ਭਾਰਤ ਨਾਲੋਂ ਵੱਖ ਕਰਕੇ ਰੱਖਿਆ ਹੋਇਆ ਸੀ। ਅਖਿਰ ਪਿਛਲੇ 72 ਸਾਲਾਂ ਤੋਂ ਚੱਲੀ ਆ ਰਹੀ ਇਨ੍ਹਾਂ ਪਿੰਡ ਵਾਸੀਆਂ ਦੀ ਮੰਗ ਪੂਰੀ ਹੋ ਗਈ ਹੈ। ਕਿਉਂਕਿ ਡੇਰਾ ਬਾਬਾ ਨਾਨਕ ਦੇ ਪਿੰਡ ਘੋਨੇਵਾਲ ਵਿਖੇ ਪੱਕਾ ਪੁਲ ਲਗਭਗ ਬਣ ਕੇ ਤਿਆਰ ਹੋ ਗਿਆ ਹੈ।

ਭਾਰਤ ਪਾਕਿ ਸਰਹੱਦ 'ਤੇ ਵਸੇ ਪਿੰਡ
ਭਾਰਤ ਪਾਕਿ ਸਰਹੱਦ 'ਤੇ ਵਸੇ ਪਿੰਡ

By

Published : Jun 8, 2020, 7:07 PM IST

ਗੁਰਦਾਸਪੁਰ: ਭਾਰਤ ਪਾਕਿਸਤਾਨ ਸਰਹੱਦ ਦੇ ਬਿਲਕੁਲ ਉੱਪਰ ਸਥਿਤ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇ ਬੇਟ, ਘੋਨੇ ਕੇ, ਲੱਲੂਵਾਲ, ਰਸੂਲਪੁਰ ਅਤੇ ਮਨਸੂਰ ਸਮੇਤ ਕਰੀਬ ਸੱਤ ਤੋਂ ਦਸ ਪਿੰਡਾਂ ਨੂੰ ਰਾਵੀ ਦਰਿਆ ਨੇ ਭਾਰਤ ਨਾਲੋਂ ਵੱਖ ਕਰਕੇ ਰੱਖਿਆ ਹੋਇਆ ਸੀ। ਲੋਕਾਂ ਦੀ ਸਿਰਫ਼ ਇੱਕੋ ਮੰਗ ਸੀ ਕਿ ਉਨ੍ਹਾਂ ਨੂੰ ਦੇਸ਼ ਨਾਲ ਸਿੱਧੇ ਰੂਪ ਵਿੱਚ ਜੋੜਨ ਲਈ ਇੱਕ ਪੱਕੇ ਪੁਲ ਦੀ ਉਸਾਰੀ ਕਰਵਾਈ ਜਾਵੇ। ਅਖਿਰ ਪਿਛਲੇ 72 ਸਾਲਾਂ ਤੋਂ ਚੱਲੀ ਆ ਰਹੀ ਇਨ੍ਹਾਂ ਪਿੰਡ ਵਾਸੀਆਂ ਦੀ ਮੰਗ ਪੂਰੀ ਹੁੰਦੀ ਵਿਖਾਈ ਦੇ ਰਹੀ ਹੈ ਕਿਉਂਕਿ ਡੇਰਾ ਬਾਬਾ ਨਾਨਕ ਦੇ ਪਿੰਡ ਘੋਨੇਵਾਲ ਵਿਖੇ ਪੱਕਾ ਪੁਲ ਲਗਭਗ ਬਣ ਕੇ ਤਿਆਰ ਹੋ ਚੁੱਕਾ ਹੈ।

ਭਾਰਤ ਪਾਕਿ ਸਰਹੱਦ 'ਤੇ ਵਸੇ ਪਿੰਡ

ਇਹ ਸਾਰੇ ਪਿੰਡ ਸਾਲ 1947 ਦੌਰਾਨ ਹੋਈ ਭਾਰਤ ਪਾਕਿ ਵੰਡ ਦੌਰਾਨ ਭਾਵੇਂ ਭਾਰਤ ਦੇ ਹਿੱਸੇ ਵਿੱਚ ਆ ਗਏ ਸਨ, ਪਰ ਇੱਕ ਪਾਸੇ ਸਰਹੱਦ ਦੀ ਕੰਡਿਆਲੀ ਤਾਰ ਅਤੇ ਦੂਜੇ ਪਾਸੇ ਕਿਸੇ ਅਜਗਰ ਵਾਂਗ ਵਗਦੇ ਰਾਵੀ ਦਰਿਆ ਨੇ ਇਨ੍ਹਾਂ ਪਿੰਡਾਂ ਨੂੰ ਸ਼ੁਰੂ ਤੋਂ ਹੀ ਭਾਰਤ ਨਾਲੋਂ ਵੱਖ ਕਰਕੇ ਰੱਖਿਆ ਹੋਇਆ ਸੀ। ਹਾਲਾਂਕਿ ਸਮੇਂ-ਸਮੇਂ ਦੀਆਂ ਸਰਕਾਰਾਂ ਅਤੇ ਭਾਰਤੀ ਫ਼ੌਜ ਵੱਲੋਂ ਇਨ੍ਹਾਂ ਲੋਕਾਂ ਦੀ ਸਹੂਲਤ ਲਈ ਕੁਝ ਕਿਸ਼ਤੀਆਂ ਅਤੇ ਦਰਿਆ ਉੱਪਰ ਪੈਂਟੂਨ ਪੁਲ (ਅਸਥਾਈ ਪੁਲ) ਬਣਾਏ ਜਾਂਦੇ ਰਹੇ, ਪਰ ਹਰੇਕ ਸਾਲ ਪਹਾੜਾਂ 'ਚ ਹੋਣ ਵਾਲੀ ਤੇਜ਼ ਬਾਰਿਸ਼ ਕਾਰਨ ਇਸ ਦਰਿਆ ਵਿਖੇ ਪਾਣੀ ਦਾ ਪੱਧਰ ਅਤੇ ਵਹਾਅ ਵਧ ਜਾਣ ਕਾਰਨ ਇਹ ਪੈਂਟੂਨ ਪੁਲ ਰੁੜ੍ਹ ਜਾਂਦਾ ਸੀ।

ਨਤੀਜੇ ਵੱਜੋਂ ਦਰਿਆਈ ਪਾਣੀ ਘਟਣ ਤੱਕ ਇਹ ਸਾਰੇ ਪਿੰਡ ਦੇਸ਼ ਨਾਲੋਂ ਪੂਰੀ ਤਰ੍ਹਾਂ ਨਾਲ ਕੱਟੇ ਰਹਿੰਦੇ ਸਨ। 1947 ਤੋਂ ਬਾਅਦ ਇਨ੍ਹਾਂ ਲੋਕਾਂ ਦੀ ਸਿਰਫ਼ ਇੱਕੋ ਮੰਗ ਸੀ ਕਿ ਉਨ੍ਹਾਂ ਨੂੰ ਦੇਸ਼ ਨਾਲ ਸਿੱਧੇ ਰੂਪ ਵਿੱਚ ਜੋੜਨ ਲਈ ਇੱਕ ਪੱਕੇ ਪੁਲ ਦੀ ਉਸਾਰੀ ਕਰਵਾਈ ਜਾਵੇ। 72 ਸਾਲ ਬਾਅਦ ਹੁਣ ਇਨ੍ਹਾਂ ਪਿੰਡ ਵਾਸੀਆਂ ਦੀ ਮੰਗ ਪੂਰੀ ਹੁੰਦੀ ਹੋਈ ਨਜਰ ਆ ਰਹੀ ਹੈ। ਕਿਉਂਕਿ ਡੇਰਾ ਬਾਬਾ ਨਾਨਕ ਦੇ ਪਿੰਡ ਘੋਨੇਵਾਲ ਵਿਖੇ ਪੱਕਾ ਪੁਲ ਲਗਭਗ ਬਣ ਕੇ ਤਿਆਰ ਹੋ ਚੁੱਕਾ ਹੈ। ਜਿਸ ਕਾਰਨ ਇਨ੍ਹਾਂ ਪਿੰਡਾਂ ਦਾ ਸਿੱਧਾ ਸੰਪਰਕ ਭਾਰਤ ਨਾਲ ਜੁੜ ਗਿਆ ਹੈ ਤੇ ਹੁਣ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਆਪਣੀ ਫਸਲ ਅਤੇ ਖੇਤੀ ਦੇ ਸੰਦ ਲਿਆਉਣ ਵਿੱਚ ਕੋਈ ਵੀ ਪਰੇਸ਼ਾਨੀ ਨਹੀਂ ਆ ਰਹੀ। ਪੱਕੇ ਪੁਲ ਦੇ ਬਣ ਜਾਣ ਕਾਰਨ ਕਿਸਾਨ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਪੁਲ ਮੌਜੂਦਾ ਸਮੇਂ ਵਿੱਚ ਨਿਰਮਾਣ ਅਧੀਨ ਹੈ ਪਰ ਇਸ ਇਸ ਉੱਪਰੋਂ ਯਾਤਰਾ ਸ਼ੁਰੂ ਹੋ ਚੁੱਕੀ ਹੈ ਅਤੇ ਆਉਂਦੇ ਸਮੇਂ ਦੌਰਾਨ ਇਸ ਪੁਲ ਦੇ ਮੁਕੰਮਲ ਹੋਣ 'ਤੇ ਇਸ ਦਾ ਉਦਘਾਟਨ ਕਰ ਕੇ ਰਸਮੀ ਤੌਰ 'ਤੇ ਇਸ ਪੁਲ ਨੂੰ ਸ਼ੁਰੂ ਵੀ ਕਰ ਦਿੱਤਾ ਜਾਵੇਗਾ।

ਭਾਰਤ ਪਾਕਿਸਤਾਨ ਸਰਹੱਦ ਉੱਪਰ ਸਥਿਤ ਦੇਸ਼ ਦੇ ਆਖਰੀ ਪਿੰਡ ਘਣੀਏ ਕੇ ਬੇਟ ਦੇ ਲੋਕਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਹ ਪਿੰਡ ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਸਥਿਤ ਹੈ ਅਤੇ 1947 ਦੌਰਾਨ ਇਹ ਪਿੰਡ ਭਾਰਤ ਦੇ ਹਿੱਸੇ ਆ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲ ਬਣਨ ਤੋਂ ਪਹਿਲਾਂ ਫਸਲ ਨੂੰ ਦਰਿਆ ਵਿੱਚੋਂ ਦੀ ਲੈ ਕੇ ਜਾਣਾ ਪੈਂਦਾ ਸੀ ਅਤੇ ਇਸ ਦੌਰਾਨ ਹੁਣ ਤੱਕ ਕਈ ਹਾਦਸਿਆਂ 'ਚ ਮੌਤਾਂ ਵੀ ਹੋਈਆਂ ਹਨ।

ਇਹ ਵੀ ਪੜੋ:ਆਨਲਾਈਨ ਕਲਾਸਾਂ ਨਾਲ ਬੱਚਿਆਂ ਦੀਆਂ ਅੱਖਾਂ 'ਤੇ ਪੈ ਰਿਹੈ ਮਾੜਾ ਪ੍ਰਭਾਵ

ਉਨ੍ਹਾਂ ਕਿਹਾ ਪੱਕਾ ਪੁੱਲ ਬਣਨ ਨਾਲ ਹੁਣ ਇੱਥੋਂ ਦੇ ਲੋਕ ਅਸਲ ਵਿੱਚ ਆਪਣੇ ਆਪ ਨੂੰ ਭਾਰਤ ਦਾ ਪੱਕਾ ਵਸਨੀਕ ਮੰਨਣ ਲੱਗ ਪਏ ਹਨ। ਕਿਉਂਕਿ ਹੁਣ ਪੱਕੇ ਪੁਲ ਕਾਰਨ ਹਰੇਕ ਸਾਮਾਨ ਸਿੱਧਾ ਉਨ੍ਹਾਂ ਤੱਕ ਪਹੁੰਚ ਜਾਂਦਾ ਹੈ।

ABOUT THE AUTHOR

...view details