ਬਟਾਲਾ: ਸੂਬੇ ਵਿੱਚ ਰੋਜ਼ਾਨਾ ਹੀ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਟ੍ਰੈਵਲ ਏਜੰਟਾਂ ਵੱਲੋਂ ਠੱਗਿਆ ਜਾ ਰਿਹਾ ਹੈ। ਵਿਦੇਸ਼ ਜਾਣ ਲਈ ਨੌਜਵਾਨ ਪੈਸਾ ਦੇਣ ਨੂੰ ਤਿਆਰ ਰਹਿੰਦੇ ਹਨ ਪਰ ਏਜੰਟਾਂ ਦੀ ਚੰਗੀ ਤਰ੍ਹਾਂ ਜਾਂਚ ਨਾ ਕਰਨ ਕਾਰਨ ਜ਼ਿਆਦਾਤਰ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਮਾਮਲਾ ਬਟਾਲਾ ਵਿੱਚ ਦੇਖਣ ਨੂੰ ਮਿਲਿਆ ਹੈ। ਵਿਦੇਸ਼ ਜਾਣ ਲਈ 35 ਨੌਜਵਾਨਾਂ ਨੇ ਲੱਖਾਂ ਰੁਪਏ 2 ਏਜੰਟਾਂ ਨੂੰ ਦੇ ਦਿੱਤੇ ਅਤੇ ਜਦੋਂ ਏਜੰਟਾਂ ਵੱਲੋਂ ਦਿੱਤੇ ਗਏ ਵੀਜ਼ਾ ਅਤੇ ਟਿਕਟਾਂ ਦੀ ਜਾਂਚ ਕਰਵਾਈ ਗਈ ਤਾਂ ਉਹ ਫ਼ਰਜ਼ੀ ਨਿਕਲੇ। ਏਜੰਟਾਂ ਦੇ ਦਫ਼ਤਰ ਪਹੁੰਚਣ 'ਤੇ ਵੀ ਉਥੇ ਤਾਲਾ ਲੱਗਿਆ ਮਿਲਿਆ।
ਬਟਾਲਾ ਦੇ ਫ਼ੁਹਾਰਾ ਚੌਂਕ ਵਿੱਚ ਮੌਜੂਦ ਗੁਰੂ ਕਿਰਪਾ ਟ੍ਰੇਡ ਸੈਂਟਰ ਦੇ ਨਾਂਅ ਉੱਤੇ ਚਲਾਈ ਜਾ ਰਹੀ ਟ੍ਰੈਵਲ ਕੰਪਨੀ ਨੇ ਇੱਥੋਂ ਦੇ ਵੱਖ-ਵੱਖ ਪਿੰਡਾਂ ਦੇ 35 ਨੌਜਵਾਨਾਂ ਨੂੰ ਕੁਵੈਤ ਭੇਜਣ ਅਤੇ ਚੰਗੀ ਨੌਕਰੀ ਦੇ ਨਾਂਅ ਉੱਤੇ ਠੱਗ ਲਿਆ। ਏਜੰਟ ਨੇ ਨਕਲੀ ਵੀਜ਼ਾ ਅਤੇ ਟਿਕਟ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰੀ।