ਗੁਰਦਾਸਪੁਰ : ਸਿਵਲ ਸਰਜਨ ਦੀ ਕੁਰਸੀ ਦੀ ਦਾਅਵੇਦਾਰੀ ਨੂੰ ਲੈ ਕੇ ਸਿਵਲ ਸਰਜਨ ਦਾ ਦਫ਼ਤਰ ਅਖਾੜਾ ਬਣਿਆ ਹੋਇਆ ਹੈ ਅਤੇ ਇਕ ਅਹੁਦੇ ਉੱਤੇ ਦੋ ਸਿਵਲ ਸਰਜਨ ਕੰਮ ਕਰ ਰਹੇ ਹਨ। ਪੰਜਾਬ ਸਰਕਾਰ ਵੱਲੋਂ 26 ਫ਼ਰਵਰੀ ਨੂੰ ਮੌਜੂਦਾ ਸਿਵਲ ਸਰਜਨ ਡਾ.ਕਿਸ਼ਨ ਚੰਦ ਦੀ ਬਦਲੀ ਨੰਗਲ ਕਰ ਦਿੱਤੀ ਗਈ ਸੀ। ਇਸ ਅਹੁਦੇ ਉੱਤੇ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੂੰ ਤਾਇਨਾਤ ਕਰ ਦਿਤਾ ਗਿਆ ਸੀ ਪਰ ਡਾ.ਕਿਸ਼ਨ ਚੰਦ ਜੋ ਕਿ ਪਹਿਲਾਂ ਇਸ ਅਹੁਦੇ ਉੱਤੇ ਤਾਇਨਾਤ ਸਨ ਉਹ ਇਹ ਅਹੁਦਾ ਛੱਡਣਾ ਨਹੀਂ ਚਾਹੁੰਦੇ। ਉਨ੍ਹਾਂ ਨੇ ਇਸ ਮਾਮਲੇ ਨੂੰ ਕੋਰਟ ਵਿੱਚ ਪਹੁੰਚਾ ਕੇ ਕੋਰਟ ਤੋਂ ਸਟੇਅ ਲੈ ਲਈ ਹੈ ਅਤੇ ਇਸ ਵਕਤ ਦੋਨੋਂ ਸਿਵਲ ਸਰਜਨ ਆਪਣੀ-ਆਪਣੀ ਦਾਅਵੇਦਾਰੀ ਦਿਖਾਉਂਦੇ ਹੋਏ ਇਸ ਅਹੁੱਦੇ ਉੱਤੇ ਕੰਮ ਕਰ ਰਹੇ ਹਨ।
ਤੁਹਾਨੂੰ ਦਸ ਦਈਏ ਕਿ ਦੋਵੇਂ ਸਿਵਲ ਸਰਜਨ ਕੁਝ ਹੀ ਦਿਨਾਂ ਦੇ ਸਰਕਾਰ ਦੇ ਮਹਿਮਾਨ ਹਨ ਦੋਨਾਂ ਦੀ ਸੇਵਾ-ਮੁਕਤੀ 31 ਮਾਰਚ ਨੂੰ ਹੈ ਅਤੇ 20 ਦਿਨਾਂ ਦੀ ਨੌਕਰੀ ਨੂੰ ਲੈ ਕੇ ਇਹਨਾਂ ਨੇ ਇਸ ਮਾਮਲੇ ਨੂੰ ਤੁਲ ਦਿਤੀ ਹੋਈ ਹੈ। ਮਾਮਲੇ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਿਵਲ ਸਰਜਨ ਡਾ.ਕਿਸ਼ਨ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ 26 ਫ਼ਰਵਰੀ ਨੂੰ ਸਰਕਾਰ ਨੇ ਬਦਲੀ ਡਿਪਟੀ ਡ੍ਰਾਇਕਟਰ ਵਜੋਂ ਨੰਗਲ ਕੀਤੀ ਸੀ ਪਰ ਉਹ ਗੁਰਦਾਸਪੁਰ ਤੋਂ ਜਾਣਾ ਨਹੀਂ ਚਾਹੁੰਦੇ।
ਇਸ ਲਈ ਉਹਨਾਂ ਨੇ ਇਹ ਮਾਮਲਾ ਕੋਰਟ ਵਿੱਚ ਲਜਾ ਕੇ ਸਟੇਅ ਲਈ ਹੋਈ ਹੈ। ਇਸ ਲਈ ਕੋਰਟ ਦੇ ਹੁਕਮਾਂ ਅਨੁਸਾਰ ਇਸ ਅਹੁਦੇ ਉੱਤੇ ਜੁਗਲ ਕਿਸ਼ੋਰ ਕੰਮ ਨਹੀਂ ਕਰ ਸਕਦੇ ਅਤੇ ਇਸ ਅਹੁਦੇ ਉੱਤੇ ਉਹ ਖ਼ੁਦ ਹੀ ਕੰਮ ਕਰਣਗੇ। ਇਸ ਲਈ ਉਹ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਫ਼ੀਲਡ ਵਿੱਚ ਕੰਮ ਕਰ ਰਹੇ ਹਨ। ਸਰਕਾਰੀ ਗੱਡੀ ਦਾ ਵੀ ਵਰਤੋਂ ਕਰ ਰਹੇ ਹਨ। ਉਨ੍ਹਾਂ ਦੇ ਕਹਿਣ ਮੁਤਾਬਿਕ ਡਾ.ਜੁਗਲ ਕਿਸ਼ੋਰ ਇਸ ਅਹੁਦੇ ਉੱਤੇ ਗ਼ਲਤ ਬੈਠੇ ਹੋਏ ਹਨ।
ਇਹ ਵੀ ਪੜ੍ਹੋ : COVID-19: ਗੁਰਦਾਸਪੁਰ 'ਚ ਮਿਲਿਆ ਇੱਕ ਸ਼ੱਕੀ ਮਰੀਜ਼
ਉੱਥੇ ਹੀ ਦੂਜੇ ਪਾਸੇ ਜਦ ਸਿਵਲ ਸਰਜਨ ਡਾ.ਜੁਗਲ ਕਿਸ਼ੋਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ 26 ਫ਼ਰਵਰੀ ਨੂੰ ਸਰਕਾਰ ਨੇ ਉਨ੍ਹਾਂ ਦੀ ਬਦਲੀ ਗੁਰਦਾਸਪੁਰ ਕੀਤੀ ਸੀ ਅਤੇ 27 ਫ਼ਰਵਰੀ ਨੂੰ ਉਹਨਾਂ ਨੇ ਅਹੁਦਾ ਸੰਭਾਲ ਲਿਆ ਸੀ ਅਤੇ ਅਹੁਦਾ ਸੰਭਾਲਣ ਤੋਂ ਬਾਅਦ ਕੋਰਟ ਨੇ ਹੁਕਮ ਕੀਤੇ ਸ਼ਨ ਕਿ ਇਸ ਅਹੁਦੇ ਦੀ ਜੋ ਮਜੂਦਾ ਸਥਿਤੀ ਹੈ ਅਗਲੇ ਹੁਕਮਾਂ ਤਕ ਉਸ ਤਰ੍ਹਾਂ ਹੀ ਰਹੇਗੀ। ਇਸ ਲਈ ਉਹ ਇਸ ਅਹੁਦੇ ਤੇ ਸੇਵਾਵਾਂ ਨਿਭਾਅ ਰਹੇ ਹਨ ਅਤੇ ਸਾਰੀਆਂ ਮੀਟਿੰਗਾਂ ਵਿਚ ਵੀ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਵਲ ਸਰਜਨ ਡਾ.ਕਿਸ਼ਨ ਚੰਦ ਜਾਣਬੁੱਝ ਕੇ ਇਸ ਮਾਮਲੇ ਨੂੰ ਤੁਲ ਦੇ ਰਹੇ ਹਨ ਇਸ ਲਈ ਉਹਨਾਂ ਨੇ ਇਸ ਮਾਮਲੇ ਨੂੰ ਹੱਲ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖ ਦਿੱਤਾ ਹੈ।