ਗੁਰਦਾਸਪੁਰ:ਪੁਲਿਸ ਦੀ ਸਰਕਾਰੀ ਗੱਡੀ ਵਿੱਚੋਂ 110 ਗ੍ਰਾਮ ਭੁੱਕੀ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਆਮ ਲੋਕਾਂ ਵੱਲੋਂ ਪੰਜਾਬ ਪੁਲਿਸ ਦੀ ਨਿਖੇਧੀ ਕੀਤੀ ਜਾ ਰਹੀ ਹੈ। ਹਾਲਾਂਕਿ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਨੂੰ ਲੈਕੇ ਨਸ਼ਾ ਤਸਕਰਾਂ ਨਾਲ ਪੁਲਿਸ ਦੀ ਮਿਲੀ ਭੁਗਤ ਦੇ ਆਮ ਲੋਕਾਂ ਵੱਲੋਂ ਹਮੇਸ਼ਾ ਪੁਲਿਸ ‘ਤੇ ਇਲਜ਼ਾਮ ਲਾਏ ਜਾਂਦੇ ਹਨ। ਸਮੇਂ-ਸਮੇਂ ‘ਤੇ ਪੰਜਾਬ ਦੇ ਲੋਕਾਂ ਵੱਲੋਂ ਅਕਸਰ ਪੰਜਾਬ ਦੇ ਥਾਣਿਆ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਜਾਦੇ ਹਨ। ਜਿਸ ਦਾ ਕਾਰਨ ਪੁਲਿਸ ਵੱਲੋਂ ਨਸ਼ਾ ਤਸਕਰਾਂ ‘ਤੇ ਕਾਰਵਾਈ ਨਾ ਕਰਨਾ ਹੁੰਦਾ ਹੈ।
ਇਸ ਮੌਕੇ ਐੱਸ.ਐੱਸ.ਪੀ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਤਿਬੜ੍ਹ ਅਧੀਨ ਆਉਂਦੀ ਚੌਂਕੀ ਤੁਗਲਵਾਲਾ ਦੇ ਏ.ਐੱਸ.ਆਈ. ਲਖਵਿੰਦਰ ਸਿੰਘ ਆਪਣੀ ਸਰਕਾਰੀ ਬਲੈਰੋ ਗੱਡੀ ‘ਤੇ ਗੁਰਦਾਸਪੁਰ ਤੋਂ ਤੁਗਲਵਾਲਾ ਜਾ ਰਹੇ ਸਨ। ਰਸਤੇ ਵਿੱਚ ਗੱਡੀ ਇੱਕ ਬੱਚੇ ਨੂੰ ਬਚਾਉਂਦਿਆ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਦੌਰਾਨ ਸਰਕਾਰੀ ਗੱਡੀ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਏ.ਐੱਸ.ਆਈ ਲਖਵਿੰਦਰ ਸਿੰਘ ਖ਼ਿਲਾਫ਼ ਤਿਬੜ੍ਹ ਥਾਣੇ ਵਿੱਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।