ਫਿਰੋਜ਼ਪੁਰ:ਨੇੜਲੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਮਾਲਬ੍ਰੌਜ਼ ਸ਼ਰਾਬ ਫੈਕਟਰੀ ਦੇ ਸਾਹਮਣੇ ਪਿਛਲੇ ਪੰਜ ਮਹੀਨਿਆਂ ਤੋਂ ਧਰਨੇ ਉੱਤੇ ਬੈਠੇ ਕਿਸਾਨਾਂ ਉੱਤੇ ਪੁਲਿਸ ਨੇ ਲਾਠੀਚਾਰਜ ਕਰਕੇ ਖਿੰਡਾ ਦਿੱਤਾ ਹੈ। ਧਰਨੇ ਤੋਂ ਇਕ ਕਿਲੋਮੀਟਰ ਦੂਰ ਸ਼ਰਾਬ ਫੈਕਟਰੀ ਦੇ ਰਾਹ 'ਚ ਮੁਢਲੇ ਪੜਾਅ ਉੱਤੇ ਕਿਸਾਨਾਂ ਵੱਲੋਂ ਚਾਹ-ਰੋਟੀ ਦਾ ਲੰਗਰ ਲਗਾਇਆ ਸੀ। ਮੋਰਚੇ ਵਿਚ ਜਾਣ ਵਾਲੇ ਧਰਨਾਕਾਰੀ ਅੱਗੇ ਮੋਰਚੇ ਵਿੱਚ ਜਾ ਰਹੇ ਸੀ, ਪਰ ਅੱਜ ਸਵੇਰੇ ਪੁਲਿਸ ਨੇ ਕਿਸਾਨਾਂ ਵੱਲੋਂ ਲਗਾਏ ਗਏ ਟੈਂਟ, ਫ਼ਰਿਜ, ਭੱਠੀਆ ਤੇ ਗੈਸ-ਚੁੱਲ੍ਹੇ ਸਭ ਚੁੱਕ ਕੇ ਪਾਸੇ ਕਰ ਦਿੱਤੇ। ਪੁਲਿਸ ਵੱਲੋਂ 50 ਦੇ ਕਰੀਬ ਦੇ ਕਰੀਬ ਕਿਸਾਨ ਅਤੇ 70 ਦੇ ਕਰੀਬ ਬੀਬੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਭਾਰੀ ਪੁਲਿਸ ਮੌਜੂਦ:ਅੱਜ ਕਰੀਬ ਸ਼ਰਾਬ ਫੈਕਟਰੀ ਦੇ ਬਾਹਰ ਚੱਲ ਰਹੇ ਧਰਨੇ ਨੂੰ ਚਾਰ ਮਹੀਨਿਆਂ ਤੋਂ ਉੱਪਰ ਸਮਾਂ ਹੋ ਚੁੱਕਿਆ ਹੈ। ਜਿਸ ਨੂੰ ਲੈਕੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਜ਼ੁਰਮਾਨਾ ਵੀ ਲੱਗ ਚੁੱਕਾ ਹੈ। ਅੱਜ ਸ਼ਰਾਬ ਫੈਕਟਰੀ ਦੇ ਆਸ ਪਾਸ ਦੇ ਇਲਾਕੇ ਵਿੱਚ ਪੁਲਿਸ ਪ੍ਰਸਾਸਨ ਵੱਲੋਂ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ ਜਿਸ ਤੋਂ ਧਰਨੇ ਉੱਤੇ ਵੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਸਰਕਾਰ ਤੋਂ ਮੰਗ ਕੀਤੀ ਗਈ ਕਿ ਲੋਕਾਂ ਨਾਲ ਧੱਕਾ ਕਰਨ ਦੀ ਬਜਾਏ ਸਰਕਾਰ ਅਤੇ ਪ੍ਰਸ਼ਾਸਨ ਇਹ ਫੈਕਟਰੀ ਬੰਦ ਕਰਨ ਬਾਰੇ ਧਿਆਨ ਦੇਵੇ।
ਧਰਨੇ ਦੌਰਾਨ ਡਿਊਟੀ ਦੇ ਰਹੇ ਕਾਂਸਟੇਬਲ ਦੀ ਅਚਾਨਕ ਮੌਤ:ਪੰਜਾਬ ਪੁਲਿਸ ਦੇ ਸੀਨੀਅਰ ਕਾਂਸਟੇਬਲ ਹਰਤੇਕ ਸਿੰਘ ਫਿਰੋਜ਼ਪੁਰ ਦੇ ਜੀਰਾ ਵਿਖੇ ਸ਼ਰਾਬ ਫੈਕਟਰੀ ਦੇ ਸਾਹਮਣੇ ਕਿਸਾਨਾਂ ਦੇ ਧਰਨੇ ਦੌਰਾਨ ਡਿਊਟੀ 'ਤੇ ਸੀ। ਇਸ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਐਕਸ਼ਨ ਤੋਂ ਬਾਅਦ ਐਸਐਸਪੀ ਦਾ ਬਿਆਨ: ਐਸਐਸਪੀ ਕੰਵਰਦੀਪ ਕੌਰ ਨੇ ਕਿਹਾ ਕਿ ਅਸੀਂ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਹੀ ਕਾਰਵਾਈ ਕੀਤੀ ਹੈ। ਧਰਨੇ ਵਾਲੀ ਥਾਂ ਉੱਤੇ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਧਰਨਾ ਚੱਲ ਰਿਹਾ ਹੈ, ਪਰ 1 ਕਿਮੀ ਦੂਰ ਕੁਝ ਪ੍ਰਦਰਸ਼ਨਕਾਰੀ ਹਾਈਵੇ ਉੱਤੇ ਪੁਲਿਸ ਦੀਆਂ ਗੱਡੀਆਂ ਨੂੰ ਘੇਰ ਕੇ ਪ੍ਰਦਰਸ਼ਨ ਕਰ ਰਹੇ ਸਨ, ਜੋ ਕਿ ਕਨੂੰਨ ਦੇ ਨਿਯਮਾਂ ਦੀ ਉਲੰਘਣਾ ਹੈ। ਇਸ ਲਈ ਉਨ੍ਹਾਂ ਉੱਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪੂਰੇ ਮਾਮਲੇ ਦੀ ਵੀਡੀਓਗ੍ਰਾਫੀ ਵੀ ਹੈ, ਉਸ ਨੂੰ ਪਰਚੇ ਦੇ ਨਾਲ ਜੋੜਿਆ ਜਾਵੇਗਾ।
ਮੌਕੇ 'ਤੇ ਪਹੁੰਚਿਆ ਲੱਖਾ ਸਿਧਾਣਾ:ਜੀਰਾ ਸ਼ਰਾਬ ਫੈਕਟਰੀ ਦੇ ਬਾਹਰ ਚੱਲ ਰਹੇ ਧਰਨੇ ਨੂੰ ਲੈਕੇ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਦੱਸਿਆ ਕਿ ਸ਼ਰਾਬ ਫੈਕਟਰੀ ਦੇ ਗੰਦੇ ਪਾਣੀ ਕਾਰਨ ਧਰਤੀ ਹੇਠਲਾ ਪਾਣੀ ਗੰਦਲਾ ਹੋ ਚੁੱਕਿਆ ਹੈ। ਇਸ ਨਾਲ ਉਨ੍ਹਾਂ ਦੇ ਕਈ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਹਵਾ ਦੂਸ਼ਿਤ ਹੋ ਚੁੱਕੀ ਹੈ। ਇਸ ਲਈ ਉਹ ਹਵਾ ਪਾਣੀ ਬਚਾਉਣ ਲਈ ਲੜਾਈ ਲੜ ਰਹੇ ਹਨ। ਅੱਜ ਜਦੋਂ ਪ੍ਰਸ਼ਾਸਨ ਵੱਲੋਂ ਫੈਕਟਰੀ ਦੇ ਬਾਹਰ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਤਾਂ ਜਿਥੇ ਅਲੱਗ ਅਲੱਗ ਪਿੰਡਾਂ ਦੇ ਲੋਕ ਉਥੇ ਪਹੁੰਚੇ, ਤਾਂ ਉਥੇ ਹੀ ਸਮਾਜ ਸੇਵੀ ਲੱਖਾ ਸਿਧਾਣਾ ਵੀ ਪਹੁੰਚੇ।