ਅੰਮ੍ਰਿਤਸਰ-ਫ਼ਿਰੋਜ਼ਪੁਰ: ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ 169 ਤੋਂ ਦਿੱਲੀ ਅੰਮ੍ਰਿਤਸਰ ਮੁੱਖ ਰੇਲ ਮਾਰਗ 'ਤੇ ਪੈਂਦੇ ਜੰਡਿਆਲਾ ਗੁਰੂ ਨੇੜੇ ਧਰਨਾ ਲਗਾਈ ਬੈਠੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਧਰਨਾ ਚੁੱਕੇ ਜਾਣ ਉਪਰੰਤ ਹੁਣ ਹੌਲੀ ਹੌਲੀ ਰੇਲਵੇ ਸਟੇਸ਼ਨਾਂ 'ਤੇ ਯਾਤਰੂਆੰ ਦੀ ਚਹਿਲ-ਪਹਿਲ ਹੋਣ ਨਾਲ ਰੌਣਕਾਂ ਪਰਤਣ ਦੀ ਆਸ ਬੱਝ ਗਈ ਹੈ ਜਿਸ ਨਾਲ ਯਾਤਰੂਆਂ ਅਤੇ ਦੁਕਾਨਦਾਰਾਂ ਦੇ ਚਿਹਰਿਆਂ ਦੀ ਰੌਣਕ ਵੀ ਪਰਤਣ ਦੀ ਸੰਭਵਨਾ ਹੈ।
ਦੱਸਣਯੋਗ ਹੈ ਕਿ ਬੀਤੀ 24 ਸਤੰਬਰ ਤੋਂ ਰੇਲਵੇ ਟਰੈਕ 'ਤੇ ਧਰਨਾ ਲਗਾਈ ਬੈਠੇ ਕਿਸਾਨਾਂ ਨੂੰ ਉਠਾਉਣ ਲਈ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਪਰ ਸਰਕਾਰ ਦਾ ਤਿੱਖਾ ਵਿਰੋਧ ਹੁੰਦੇ ਦੇਖ ਪ੍ਰਸ਼ਾਸਨ ਟਰੈਕ ਖਾਲੀ ਕਰਵਾਉਣ ਚ ਅਸਮਰੱਥ ਰਿਹਾ ਸੀ। ਕੁੱਝ ਸਮਾਂ ਪਹਿਲਾਂ ਕਿਸਾਨਾਂ ਵੱਲੋਂ ਸਿਰਫ ਮਾਲ ਗੱਡੀ ਚਲਾਉਣ ਤੇ ਸਹਿਮਤੀ ਦਿੱਤੀ ਗਈ ਸੀ ਪਰ ਰੇਲਵੇ ਵੱਲੋਂ ਯਾਤਰੀ ਟਰੇਨਾਂ ਚਲਾਉਣ ਬਾਰੇ ਕਹਿਣ 'ਤੇ ਕਿਸਾਨਾਂ ਵਲੋਂ ਮੁੜ ਰੇਲ ਟਰੈਕ ਜਾਮ ਕਰ ਦਿੱਤਾ ਗਿਆ ਸੀ। ਜਿਸ ਕਾਰਨ ਰੇਲਵੇ ਪ੍ਰਸ਼ਾਸਨ ਵੱਲੋਂ ਬਿਆਸ ਤੋਂ ਵਾਇਆ ਤਰਨ ਤਾਰਨ ਰੇਲ ਚਲਾਈ ਗਈ ਸੀ, ਜਿਸ 'ਤੇ ਲੋਕਲ ਯਾਤਰੀਆਂ ਨੇ ਖਾਸ ਰੁਚੀ ਨਹੀਂ ਦਿਖਾਈ।
ਈਟੀਵੀ ਨਾਲ ਗੱਲਬਾਤ ਦੌਰਾਨ ਬਿਆਸ ਰੇਲਵੇ ਸਟੇਸ਼ਨ 'ਤੇ ਸਥਿਤ ਚੌਂਕੀ 'ਚ ਤੈਨਾਤ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਮੁੜ ਤੋਂ ਟਰੇਨਾਂ ਹੁਣ ਤਰਨ ਤਾਰਨ ਦੀ ਬਜਾਏ ਵਾਇਆ ਜੰਡਿਆਲਾ-ਅੰਮ੍ਰਿਤਸਰ ਨੂੰ ਜਾਣ ਲੱਗ ਪਈਆਂ ਹਨ ਅਤੇ ਉਮੀਦ ਹੈ ਕਿ ਹੌਲੀ ਹੌਲੀ ਬਿਆਸ ਸਟੇਸ਼ਨ 'ਤੇ ਵੀ ਚਹਿਲ ਪਹਿਲ ਵਧੇਗੀ। ਉਨ੍ਹਾਂ ਦੱਸਿਆ ਕਿ ਰੇਲਵੇ ਅਤੇ ਜੀਆਰਪੀ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਰੋਜ਼ਾਨਾ ਗਸ਼ਤ ਕਰਦਿਆਂ ਸਟੇਸ਼ਨ 'ਤੇ ਸਖਤ ਸੁਰੱਖਿਆ ਦਾ ਪਹਿਰਾ ਰੱਖਿਆ ਜਾਂਦਾ ਹੈ।
ਜ਼ਿੰਦਗੀ ਵਿੱਚ ਚਾਹੇ ਕੋਈ ਪ੍ਰਾਈਵੇਟ ਕਾਰੋਬਾਰੀ ਹੋਵੇ ਜਾਂ ਫਿਰ ਸਰਕਾਰੀ ਉਸ ਨਾਲ ਜੁੜੀਆਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਵੀ ਨਿਰਭਰ ਕਰਦੀ ਹੈ। ਕੋਰੋਨਾ ਕਰ ਕੇ ਦੇਸ਼ ਵਿੱਚ ਰੇਲਾਂ ਕੀ ਰੁਕੀਆਂ ਲੋਕਾਂ ਦੀ ਜ਼ਿੰਦਗੀ ਵੀ ਪਟੜੀ ਤੋਂ ਉਤਰ ਗਈ । ਪਿਛਲੇ ਇਕ ਸਾਲ ਦੇ ਦੌਰਾਨ ਰੇਲਵੇ ਨਾਲ ਜੁੜੇ ਕੁਲੀ, ਆਟੋ ਚਾਲਕ ਜਾਂ ਫਿਰ ਸਟੇਸ਼ਨ 'ਤੇ ਖਾਣ ਪੀਣ ਦੀਆਂ ਚੀਜ਼ਾਂ ਵੇਚਣ ਵਾਲੇ ਲੋਕ ਹੋਣ ਘਰ ਬੈਠਣ ਲਈ ਮਜਬੂਰ ਹੋ ਗਏ।