ਫਿਰੋਜ਼ਪੁਰ: ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਉਸ ਖੇਤ ਦਾ ਕੀ ਹਾਲ ਹੋਵੇਗਾ ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਇਹ ਕਹਾਵਤ ਫਿਰੋਜ਼ਪੁਰ ਤਹਿਸੀਲ ਦਫ਼ਤਰ ਜ਼ੀਰਾ ਦੇ ਦੋ ਮੁਲਾਜ਼ਮਾਂ ਨੇ ਸੱਚ ਕਰ ਵਿਖਾਈ ਹੈ ਜਿੰਨ੍ਹਾਂ ਨੇ ਹੜ੍ਹ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਵਾਲਾ ਸਮਾਨ ਚੋਰੀ ਕਰ ਲਿਆ। ਮੁਲਜ਼ਮਮਾਂ ਨੇ ਸਾਮਾਨ ਸਾਜ਼ਿਸ਼ ਦੇ ਤਹਿਤ ਚੋਰੀ ਕਰ ਕੇ ਤਹਿਸੀਲ ਜ਼ੀਰਾ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਇਸ ਸਬੰਧ ਵਿੱਚ ਥਾਣਾ ਸਿਟੀ ਜ਼ੀਰਾ ਪੁਲਿਸ ਨੇ ਤਹਿਸੀਲ ਦਫਤਰ ਦੇ ਮੁਲਜ਼ਮ ਦੋ ਸੇਵਾਦਾਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਚੋਰੀ ਦਾ ਸਾਮਾਨ ਬਰਾਮਦ ਕਰ ਲਿਆ ਹੈ।
ਤਹਿਸੀਲ ਜ਼ੀਰਾ ਵਿਖੇ ਚੋਰੀ ਦੇ ਸਮਾਨ ਸਮੇਤ ਦੋ ਸੇਵਾਦਾਰ ਗ੍ਰਿਫਤਾਰ - ਤਹਿਸੀਲ ਜ਼ੀਰਾ ਵਿਖੇ ਚੋਰੀ
ਤਹਿਸੀਲ ਜ਼ੀਰਾ ਵਿਖੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਤਹਿਸੀਲ ਵਿੱਚ ਕੰਮ ਕਰਦੇ ਦੋ ਸੇਵਾਦਾਰ ਗ੍ਰਿਫਤਾਰ ਕੀਤੇ ਹਨ। ਮੁਲਾਜ਼ਮਾਂ ਕੋਲੋ ਚੋਰੀ ਦਾ ਸਮਾਨ ਬਰਾਮਦ ਕੀਤਾ ਗਿਆ ਹੈ।
ਇਸ ਮਸਲੇ ਸਬੰਧੀ ਜਗਜੀਤ ਸਿੰਘ ਏਐਸਆਈ ਥਾਣਾ ਸਿਟੀ ਜ਼ੀਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਰਮੀਤ ਸਿੰਘ ਤਹਿਸੀਲਦਾਰ ਜ਼ੀਰਾ ਵੱਲੋਂ ਤਹਿਸੀਲ ਦਫਤਰ ਦੇ ਇੱਕ ਕਮਰੇ ਵਿੱਚੋਂ ਹੜ੍ਹ ਪੀੜਤਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਆਏ ਸਾਮਾਨ ਦੇ ਚੋਰੀ ਹੋਣ ਸਬੰਧੀ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਤਫਤੀਸ਼ ਕੀਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਹਿਸੀਲ ਦਫ਼ਤਰ ਦੇ ਸੇਵਾਦਾਰ ਗੁਲਜਾਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਲਹਿਰਾ ਬੇਟ ਅਤੇ ਹਰਪ੍ਰੀਤਮ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਪਿੰਡ ਮਾਹਲੇਵਾਲਾ ਥਾਣਾ ਮੱਖੂ ਮੁਲਜ਼ਮ ਪਾਏ ਗਏ ਹਨ ਜਿੰਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂਂ 40 ਤਰਪਾਲਾਂ 20 ਪੀਸ ਪੌਲੀਥੀਨ ਅਤੇ 3 ਟੈਂਟ ਬਰਾਮਦ ਕੀਤੇ ਗਏ ਹਨ। ਏਐਸਆਈ ਨੇ ਦੱਸਿਆ ਕਿ ਮੁਲਜ਼ਮ ਗੁਲਜ਼ਾਰ ਸਿੰਘ ਨੈਬ ਤਹਿਸੀਲਦਾਰ ਦਫ਼ਤਰ ਮੱਖੂ ਵਿਖੇ ਸੇਵਾਦਾਰ ਸੀ ਜਦਕਿ ਦੂਸਰਾ ਮੁਲਜ਼ਮ ਹਰਪ੍ਰੀਤਮ ਸਿੰਘ ਤਹਿਸੀਲਦਾਰ ਦਫ਼ਤਰ ਜ਼ੀਰਾ ਵਿਚ ਸੇਵਾਦਾਰ ਸੀ ਤੇ ਦੋਵੇਂ ਪੱਕੇ ਮੁਲਾਜ਼ਮ ਸਨ।
ਇਹ ਵੀ ਪੜ੍ਹੋ:ASI ਵੱਲੋਂ ਨੌਜਵਾਨ ਦਾ ਗੋਲੀ ਮਾਰਕੇ ਕਤਲ