ਫਿਰੋਜ਼ਪੁਰ: ਪੰਜਾਬ ਭਰ 'ਚ ਡੀ.ਏ.ਪੀ ਖਾਦ ਨੂੰ ਲੈ ਕੇ ਕਿਸਾਨਾਂ 'ਚ ਰੋਸ ਬਣਿਆ ਹੋਇਆ ਹੈ ਪਰ ਸਰਕਾਰ ਵੱਲੋਂ ਇਸ ਉੱਪਰ ਕੋਈ ਵੀ ਢੁੱਕਵਾਂ ਕਦਮ ਨਹੀਂ ਚੁੱਕਿਆ ਜਾ ਰਿਹਾ। ਕਿਸਾਨਾਂ ਦੀ ਮੰਗ ਹੈ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਸਰਕਾਰ ਡੀ.ਏ.ਪੀ ਖਾਦ ਨੂੰ ਮੁਹੱਈਆ ਕਰਵਾਏ। ਜਿਸ ਨੂੰ ਲੈਕੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਡੀ.ਏ.ਪੀ ਖਾਦ ਦੇ ਰੇਲ ਰੈਕ ਨੂੰ ਕੋਲ ਖੜ ਖਾਲੀ ਕਰਵਾਇਆ ਗਿਆ ਅਤੇ ਖਾਦ ਨੂੰ ਸੋਸਾਇਟੀਆਂ 'ਚ ਭੇਜਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਦੇ ਹਲਕਾ ਪ੍ਰਧਾਨ ਬਲਰਾਜ ਸਿੰਘ ਬਰਾੜ ਵੱਲੋਂ ਦੱਸਿਆ ਗਿਆ ਕਿ ਕਿਸਾਨਾਂ ਵਾਸਤੇ ਡੀ.ਏ.ਪੀ ਖਾਦ ਜੀਅ ਦਾ ਜੰਜਾਲ ਬਣਿਆ ਹੋਇਆ ਹੈ ਕਿਉਂਕਿ ਕਣਕ ਦੀ ਬਿਜਾਈ ਸਿਰ 'ਤੇ ਖੜ੍ਹੀ ਹੈ ਪਰ ਖਾਦ ਦੀ ਆਮਦ ਬਿਲਕੁੱਲ ਵੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਦਾ ਇੰਤਜਾਮ ਪਹਿਲਾਂ ਤੋਂ ਹੀ ਕਰ ਕੇ ਰੱਖਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਵਪਾਰੀਆਂ ਦੀ ਮਿਲੀ ਭੁਗਤ ਹੈ ਜੋ ਕਿ ਖਾਦ ਵਪਾਰੀਆਂ ਨੂੰ ਦੇ ਕੇ ਬਲੈਕ ਵਿੱਚ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ। ਜਿਸ ਨਾਲ ਕਿਸਾਨਾਂ ਉੱਪਰ ਕਰਜ਼ੇ ਦੀ ਮਾਰ ਥੋੜ੍ਹੀ-ਥੋੜ੍ਹੀ ਕਰਕੇ ਵਧਦੀ ਜਾ ਰਹੀ ਹੈ। ਇਸ ਲਈ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਖਾਦ ਆਉਂਦੀ ਹੈ ਉਸ ਨੂੰ ਪਹਿਲਾਂ ਸੁਸਾਇਟੀਆਂ ਵਿੱਚ ਭੇਜਿਆ ਜਾਵੇ ਤੇ ਬਾਅਦ ਵਿੱਚ ਉਸ ਨੂੰ ਵਪਾਰੀ ਵਰਗ ਨੂੰ ਦਿੱਤਾ ਜਾਵੇ।