ਫਿਰੋਜ਼ਪੁਰ: ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਰਿਸ਼ਵਤ ਖੋਰ ਮੁਲਾਜ਼ਮਾਂ ਉੱਤੇ ਸਖ਼ਤੀ ਦਿਖਾਈ ਜਾ ਰਹੀ ਹੈ। ਉੱਥੇ ਹੀ ਪੰਜਾਬ ਵਿਜੀਲੈਂਸ ਬਿਊਰੋ ਟੀਮ (Punjab Vigilance Bureau team) ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੌਰਾਨ ਅੱਜ ਬੁੱਧਵਾਰ ਨੂੰ ਫਿਰੋਜ਼ਪੁਰ ਅਧੀਨ ਥਾਣਾ ਗੁਰੂਹਰਸਹਾਏ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏਐਸਆਈ) ਗੁਰਮੇਜ ਸਿੰਘ ਨੂੰ 6,000 ਰੁਪਏ ਦੀ ਰਿਸ਼ਵਤ (Vigilance Bureau team arrested ASI Gurmej Singh) ਲੈਣ ਦੇ ਆਰੋਪ ਹੇਠ ਗ੍ਰਿਫ਼ਤਾਰ ਕੀਤਾ ਹੈ।
ASI ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ:-ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਆਰੋਪੀ ਏ.ਐਸ.ਆਈ ਨੂੰ ਗੁਰੂਹਰਸਹਾਏ ਦੀ ਰਹਿਣ ਵਾਲੀ ਰਾਣੀ ਦੀ ਸ਼ਿਕਾਇਤ 'ਤੇ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਮਹਿਲਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਉਕਤ ਪੁਲਿਸ ਮੁਲਾਜ਼ਮ ਉੱਤੇ ਰਿਸ਼ਵਤ ਦਾ ਆਰੋਪ ਲਗਾਇਆ। ਜਿਸ ਵਿੱਚ ਰਾਣੀ ਨੇ ਕਿਹਾ ਉਕਤ ਪੁਲਿਸ ਮੁਲਾਜ਼ਮ ਨੇ ਉਸ ਦੇ ਖ਼ਿਲਾਫ਼ ਥਾਣਾ ਸਦਰ ਵਿਖੇ ਦਰਜ ਪੁਲਿਸ ਕੇਸ ਵਿੱਚ ਉਸ ਨੂੰ ਸ਼ਾਮਲ ਤਫ਼ਤੀਸ਼ ਕਰਨ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ।