ਫ਼ਿਰੋਜ਼ਪੁਰ: ਸਰਹਦੀ ਪਿੰਡ ਟੇਂਡੀਵਾਲਾ ਵਿੱਚ ਸਤਲੁਜ ਦੇ ਪਾਣੀ ਦਾ ਪੱਧਰ ਵੱਧਣ ਨਾਲ ਅਤੇ ਪਾਕਿਸਤਾਨ ਵੱਲੋਂ ਪਾਣੀ ਛਡੇ ਜਾਣ ਕਾਰਨ ਪਿੰਡ 'ਚ ਬਣਿਆ ਬੰਨ੍ਹ ਪਾਣੀ ਦੇ ਵਹਾਅ ਨਾਲ ਟੁੱਟ ਗਿਆ ਹੈ। ਜਿਸ ਕਾਰਨ ਪਾਣੀ ਖੇਤਾਂ ਵਿੱਚ ਦਾਖ਼ਲ ਹੋ ਗਿਆ ਹੈ।
ਬੰਨ੍ਹ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਫ਼ੌਜ ਦੇ ਜਵਾਨਾਂ, ਨਹਿਰੀ ਵਿਭਾਗ ਦੀ ਟੀਮ ਅਤੇ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਟੁੱਟ ਚੁੱਕੇ ਬੰਨ੍ਹ ਦੇ ਹਿੱਸੇ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਉੱਥੇ ਹੀ ਫ਼ੌਜ ਅਤੇ ਐਨ.ਡੀ.ਆਰ.ਐਫ ਵੱਲੋਂ ਥੋੜੀ ਦੂਰੀ 'ਤੇ ਦੂਜਾ ਬਨ੍ਹ ਬਣਾ ਕੇ ਪਾਣੀ ਨੂੰ ਰੋਕਣ ਦੀ ਕੋਸ਼ੀਸ਼ ਕੀਤੀ ਗਈ ਹੈ। ਪਿੰਡ ਟੇਂਡੀਵਾਲਾ ਦੇ ਨਾਲ ਲਗਦੇ ਕੁੱਝ ਪਿੰਡਾਂ ਨੂੰ ਸਾਵਧਾਨੀ ਦੇ ਤੌਰ 'ਤੇ ਖਾਲੀ ਕਰਨ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਆਫ਼ਤ ਨਾਲ ਨਜਿੱਠਿਆ ਜਾ ਸਕੇ।
ਪਿੰਡ ਟੇਂਡੀਵਾਲਾ ਦਾ ਟੁੱਟਿਆ ਬੰਨ੍ਹ, ਪ੍ਰਸ਼ਾਸਨ ਦੀ ਮੁਸਤੈਦੀ ਕਾਰਨ ਟਲਿਆ ਖਤਰਾ ਪਿੰਡ ਵਾਸਿਆਂ ਦਾ ਕਹਿਣਾ ਹੈ ਕਿ ਜਿਲ੍ਹਾ ਪ੍ਰਸਾਸ਼ਨ ਦੀ ਮਾੜੀ ਕਾਰਗੁਜਾਰੀ ਅਤੇ ਪ੍ਰਸ਼ਾਸਨ ਵੱਲੋਂ ਪਹਿਲਾਂ ਕੋਈ ਮਦਦ ਨਾ ਮਿਲਣ ਕਾਰਨ ਇਹ ਬੰਨ੍ਹ ਟੁੱਟਾ ਹੈ, ਉਨ੍ਹਾਂ ਨੇ ਕਿਹਾ ਕਿ ਜੇ ਇਸ ਦਾ ਹੱਲ ਪਹਿਲਾਂ ਤੋਂ ਕੱਢਿਆ ਜਾਂਦਾ ਤਾਂ ਇਹ ਟੁੱਟਣਾ ਨਹੀਂ ਸੀ। ਪਿੰਡ ਵਾਸਿਆਂ ਨੇ ਕਿਹਾ ਕਿ ਪਾਣੀ ਖੇਤਾਂ ਵਿੱਚ ਜਾਣ ਕਾਰਨ ਸਾਡੀਆਂ ਫ਼ਸਲਾਂ ਵੀ ਖ਼ਰਾਬ ਹੋ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪਿੰਡ ਟੇਂਡੀਵਾਲਾ ਦਾ ਦੌਰਾ ਕੀਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਬੰਨ੍ਹ ਸੁਰਖਿਅਤ ਹੈ ਪਰ ਅੱਜ ਇਹ ਬੰਨ੍ਹ ਟੁੱਟ ਗਿਆ। ਬੰਨ੍ਹ ਵਿੱਚ ਕਰੀਬ 100 ਫੁਟ ਦਾ ਪਾੜ ਪਿਆ ਹੈ।
ਐਤਵਾਰ ਨੂੰ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਹੜ੍ਹਾਂ ਨਾਲ ਪੈਦਾ ਹੋਣ ਵਾਲੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਿਪਟਣ ਲਈ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੂੰ ਐਨ.ਡੀ.ਆਰ.ਐਫ. ਦੀਆਂ ਟੀਮਾਂ ਨੂੰ ਵੀ ਤਿਆਰ ਰੱਖਣ ਦੇ ਹੁਕਮ ਦਿੱਤੇ ਸਨ। ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਮੁਤਾਬਕ ਮਖੂ ਤੇ ਹੁਸੈਨੀਵਾਲਾ ਇਲਾਕੇ ਦੇ ਹੜ੍ਹ ਪ੍ਰਭਾਵਿਤ 15 ਪਿੰਡਾਂ ਵਿੱਚੋਂ ਲਗਭਗ 500 ਵਿਅਕਤੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ ਜਦਕਿ 630 ਵਿਅਕਤੀਆਂ ਨੂੰ ਲੋੜੀਂਦੀ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ ਹੈ।
ਜ਼ਿਕਰਯੋਗ ਹੈ ਕਿ ਈਟੀਵੀ ਭਾਰਤ ਵੱਲੋਂ ਲਗਾਤਾਰ ਪਿੰਡ ਟੇਂਡੀਵਾਲਾ ਬਨ੍ਹ ਦੀ ਰਿਪੋਰਟ ਵਿਖਾਈ ਜਾ ਰਹੀ ਸੀ। ਇਸ ਖ਼ਬਰ ਦੇ ਦਿਖਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਫ਼ੌਜ ਅਤੇ ਨਹਿਰੀ ਵਿਭਾਗ ਦੀਆਂ ਟੀਮਾਂ ਭੇਜਿਆ ਗਈਆ ਸਨ।