ਫ਼ਿਰੋਜ਼ਪੁਰ: ਸੂਬੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਪੰਜਾਬ ਅੰਦਰ ਲਗਾਤਾਰ ਲੁੱਟਾਂ ਖੋਹਾਂ ਦੇ ਨਾਲ ਨਾਲ ਗੋਲੀ ਚੱਲਣ ਦੀਆਂ ਘਟਨਾਵਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਸ਼ਰੇਆਮ ਗੈਂਗਸਟਰਾਂ ਵੱਲੋਂ ਫੋਨ ਕਰ ਫਿਰੋਤੀਆਂ ਮੰਗੀਆਂ ਜਾ ਰਹੀਆਂ ਹਨ। ਨਾ ਦੇਣ 'ਤੇ ਕਾਰੋਬਾਰੀਆਂ ਦੇ ਘਰਾਂ ਤੇ ਹੁਣ ਗੋਲੀਆਂ ਚੱਲਣੀਆ ਸ਼ੁਰੂ ਹੋ ਚੁੱਕੀਆਂ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਤਲਵੰਡੀ ਭਾਈ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਸੁਨਿਆਰੇ ਦੇ (Ferozepur case of ransom) ਘਰ ਤੇ ਅੱਧੀ ਰਾਤ ਗੋਲੀਆਂ ਚਲਾਈਆਂ ਗਈਆਂ ਹਨ।
ਇਸ ਤੋਂ ਪਹਿਲਾਂ ਮੰਗੀ ਸੀ ਫਿਰੌਤੀ:ਦੱਸ ਦਈਏ ਕਿ ਇਸ ਘਟਨਾ ਤੋਂ ਪਹਿਲਾਂ ਇਸ ਸੁਨਿਆਰੇ ਨੂੰ ਗੈਂਗਸਟਰਾਂ ਵੱਲੋਂ ਧਮਕੀ ਦੇ ਫਿਰੋਤੀ ਮੰਗਣ ਦਾ ਵੀ ਮਾਮਲਾ ਸਾਹਮਣੇ ਆਇਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।
'ਪਰਿਵਾਰ ਤੇ ਮੇਰੀ ਜਾਨ ਨੂੰ ਖ਼ਤਰਾ': ਇਸ ਸਬੰਧੀ ਜਾਣਕਾਰੀ ਦਿੰਦਿਆਂ ਚੌਹਾਨ ਜਿਊਲਰਜ਼ ਦੇ ਮਾਲਕ ਪਰਮਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਉਸਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਹਨ। ਜਿਸ ਸਬੰਧੀ ਉਹ ਕਈ ਵਾਰ ਪੁਲਿਸ ਨੂੰ ਸੂਚਿਤ ਕਰ ਚੁੱਕੇ ਹਨ। ਬੀਤੇ ਦਿਨੀਂ ਵੀ ਇੱਕ ਗੈਂਗਸਟਰ ਵੱਲੋਂ ਉਸ ਕੋਲੋਂ ਫੋਨ ਕਾਲ 'ਤੇ ਫਿਰੌਤੀ ਮੰਗੀ ਗਈ ਸੀ ਅਤੇ ਧਮਕੀਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਨੇ ਫਿਰੌਤੀ ਦੇਣ ਤੋਂ ਸਾਫ ਤੌਰ 'ਤੇ ਮਨਾਂ ਕਰ ਦਿੱਤਾ ਸੀ ਅਤੇ ਹੁਣ ਉਸ ਦੇ ਘਰ ਇਹ ਘਟਨਾ ਵਾਪਰ ਗਈ ਹੈ। ਉਨ੍ਹਾਂ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ, ਕਿਉਂਕਿ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਜਾਨ ਦਾ ਖ਼ਤਰਾ ਹੈ।