ਫਿਰੋਜਪੁਰ: ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਪੈਣ ਨਾਲ ਠੰਡ ਵੱਧ ਗਈ ਹੈ। ਮੌਸਮ ਵਿਭਾਗ ਨੇ ਹੋਲੀ ਦੇ ਤਿਉਹਾਰ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਸੀ।
ਠੰਡ ਨੇ ਮੁੜ ਠਾਰੇ ਪੰਜਾਬੀ, ਕਈ ਥਾਂ 'ਤੇ ਮੀਂਹ ਦੇ ਨਾਲ ਹੋ ਰਹੀ ਗੜੇਮਾਰੀ - ਗੜੇਮਾਰੀ
ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਗੜੇਮਾਰੀ ਹੋਣ ਕਾਰਨ ਠੰਡ ਹੋਰ ਵੱਧ ਗਈ ਹੈ। ਉੱਥੇ ਹੀ ਗੜੇਮਾਰੀ ਨਾਲ ਫ਼ਸਲਾਂ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਹੋਰ ਵੱਧ ਗਿਆ ਹੈ।
ਫਿਰੋਜਪੁਰ ਵਿੱਚ ਬੁੱਧਵਾਰ ਸ਼ਾਮ ਨੂੰ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਸ਼ੁਰੂਆਤ ਹੋ ਗਈ ਅਤੇ ਨਾਲ ਹੀ ਗੜੇਮਾਰੀ ਚਾਲੂ ਹੋ ਗਈ, ਜੋ ਕਿ ਕਰੀਬ 10 ਮਿੰਟ ਤਕ ਜਾਰੀ ਰਹੀ। ਇਸ ਗੜੇਮਾਰੀ ਨਾਲ ਜਿੱਥੇ ਠੰਡ ਵਿੱਚ ਇਜ਼ਾਫਾ ਹੋਇਆ, ਉੱਥੇ ਹੀ ਕਿਸਾਨ ਆਪਣੀ ਖੜੀ ਕਣਕ ਦੀ ਫ਼ਸਲ ਨੂੰ ਲੈਕੇ ਚਿੰਤਾ ਵਿੱਚ ਆ ਗਏ ਹਨ। ਕਿਸਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਹੀ ਕਿਸਾਨੀ ਦੀ ਹਾਲਤ ਮਾੜੀ ਹੈ। ਪਿਛਲੇ ਦਿਨੀਂ ਪਈ ਬਾਰਿਸ਼ ਨਾਲ ਫ਼ਸਲਾਂ ਤਾਂ ਅਗੇ ਹੀ ਖ਼ਰਾਬ ਹੋ ਗਈਆਂ ਸਨ, ਪਰ ਗੜੇਮਾਰੀ ਨਾਲ ਹੋਰ ਨੁਕਸਾਨ ਦਾ ਖਦਸ਼ਾ ਹੈ।
ਉੱਥੇ ਹੀ ਪਠਾਨਕੋਟ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਸਮ ਦਾ ਕੁਝ ਪਤਾ ਨਹੀਂ ਲੱਗ ਰਿਹਾ। ਪਿਛਲੇ ਦੋ ਦਿਨਾਂ ਤੋਂ ਤੇਜ਼ ਧੁੱਪ ਪੈ ਰਹੀ ਸੀ ਜਿਸ ਕਾਰਨ ਉਨ੍ਹਾਂ ਨੇ ਸਵੈਟਰ ਅਤੇ ਜੈਕੇਟ ਸੰਭਾਲ ਦਿੱਤੀਆਂ ਸਨ, ਪਰ ਬੁੱਧਵਾਰ ਸਵੇਰ ਤੋਂ ਮੌਸਮ ਨੇ ਕਰਵਟ ਬਦਲ ਲਈ ਹੈ ਅਤੇ ਠੰਡ ਹੋਰ ਵੱਧ ਗਈ ਹੈ।