ਫਿਰੋਜ਼ਪੁਰ: ਅਕਸਰ ਹੀ ਕਿਹਾ ਜਾਂਦਾ ਹੈ ਕਿ ਮਾੜੇ ਬੰਦੇ ਲਈ ਪੁਲਿਸ ਦੇ ਹੱਥ ਸਖ਼ਤ ਹੁੰਦੇ ਹਨ ਪਰ ਇਸ ਦੇ ਉਲਟ ਪੰਜਾਬ ਪੁਲਿਸ ਦੀ ਰਹਿਮਦਿਲੀ ਸਰਹੱਦੀ ਖੇਤਰ ਮਮਦੋਟ ਵਿਖੇ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਗਸ਼ਤ ਦੇ ਦੌਰਾਨ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਪਾਰਟੀ ਨੇ ਪਿੰਡ ਨਵਾਂ ਕਿਲਾ ਦੇ ਨੇੜੇ ਇਕ ਨੌਜਵਾਨ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ।
ਦੱਸ ਦਈਏ ਕਿ ਘਰ ਦੀ ਮਾੜੀ ਹਾਲਤ ਨੂੰ ਵੇਖ ਕੇ ਪੁਲਿਸ ਨੇ ਰਹਿਮਦਿਲੀ ਵਿਖਾਉਂਦਿਆਂ ਥਾਣਾ ਮੁੱਖੀ ਗੁਰਪ੍ਰੀਤ ਸਿੰਘ ਦੇ ਦਿਸਾ ਨਿਰਦੇਸਾਂ ਤਹਿਤ ਉਸ ਉਪਰ ਕਾਰਵਾਈ ਕਰਨ ਦੀ ਬਜਾਏ ਨਸ਼ਾ ਛੁਡਾਉਣ ਦੇ ਉਦੇਸ਼ ਨਾਲ ਮਮਦੋਟ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ, ਜਿਸ ਤੋਂ ਬਾਅਦ ਹੁਣ ਉਸ ਨੂੰ ਫਿਰੋਜ਼ਪੁਰ ਵਿਖੇ ਭੇਜਿਆ ਜਾ ਰਿਹਾ ਹੈ।
ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨ ਨੇ ਦੱਸਿਆ ਕਿ 3-4 ਸਾਲ ਪਹਿਲਾਂ ਮਾੜੀ ਸੰਗਤ ਦਾ ਅਸਰ ਹੋ ਜਾਣ ਕਾਰਨ ਉਹ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਆਦੀ ਹੋ ਗਿਆ ਸੀ ਅਤੇ ਬੀਤੇ ਦਿਨ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਵੱਲੋਂ ਨਸ਼ੀਲੀਆਂ ਗੋਲੀਆਂ ਸਮੇਤ ਫੜੇ ਜਾਣ ਤੋਂ ਬਾਅਦ ਪੁਲਿਸ ਨੇ ਉਸ ਉੱਪਰ ਰਹਿਮਦਿਲੀ ਦਿਖਾਉਂਦਿਆਂ ਕਾਰਵਾਈ ਕਰਨ ਦੀ ਥਾਂ ਉਸ ਨੂੰ ਇਲਾਜ ਲਈ ਭੇਜਿਆ ਗਿਆ। ਇਸ ਦੇ ਡੂੰਘੇ ਅਸਰ ਨਾਲ ਨਸ਼ੇ ਛੱਡ ਦੇਵੇਗਾ। ਉਸ ਨੇ ਪੰਜਾਬ ਸਰਕਾਰ ਅੱਗੇ ਦੁਹਾਈ ਦਿੰਦੇ ਕਿਹਾ ਹੈ ਕਿ ਪੇਂਡੂ ਖੇਤਰ ਵਿੱਚ ਨਸ਼ੇ ਦਾ ਮੱਕੜਜਾਲ ਬੁਰੀ ਤਰ੍ਹਾਂ ਫੈਲ ਚੁੱਕਿਆ ਹੈ ਜਿਸਨੂੰ ਸਖ਼ਤੀ ਦੇ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਵਿੱਚ ਗਰਕ ਹੋ ਜਾਵੇਗੀ।