ਫਿਰੋਜ਼ਪੁਰ: ਪੰਜਾਬ ਵਿਧਾਨ ਸਭਾ ਚੋਣਾਂ(Punjab Assembly Elections) ਦੇ ਵਿੱਚ ਕੁਝ ਹੀ ਸਮਾਂ ਬਾਕੀ ਰਹਿ ਗਿਆ ਹੈ, ਜਿਸ ਕਰਕੇ ਵੱਖ ਵੱਖ ਰਾਜਨੀਤਕ ਪਾਰਟੀਆਂ ਨੇ ਚੋਣ ਮੁਹਿੰਮ ਵਿੱਚ ਤੇਜ਼ੀ ਲਿਆਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਕੜੀ ਦੇ ਤਹਿਤ ਆਮ ਆਦਮੀ ਪਾਰਟੀ(Aam Aadmi Party) ਹਲਕਾ ਜ਼ੀਰਾ ਦੇ ਇੰਚਾਰਜ ਸਾਬਕਾ ਵਿਧਾਇਕ ਨਰੇਸ਼ ਕਟਾਰੀਆ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਨੇ ਵਰਕਰ ਮੀਟਿੰਗ ਕੀਤੀ।
ਮੀਟਿੰਗ ਵਿੱਚ ਸੰਬੋਧਨ ਕਰਨ ਲਈ ਆਪ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਮਖੂ ਵੀ ਪਹੁੰਚੇ। ਇਸ ਤੋਂ ਪਹਿਲਾਂ ਹਲਕਾ ਜ਼ੀਰਾ ਇੰਚਾਰਜ ਨਰੇਸ਼ ਕਟਾਰੀਆ ਅਤੇ ਉਨ੍ਹਾਂ ਦੇ ਸਪੁੱਤਰ ਸ਼ੰਕਰ ਕਟਾਰੀਆ ਨੇ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ 'ਤੇ ਰੇਤ ਮਾਫੀਆ ਅਤੇ ਸ਼ਰ੍ਹੇਆਮ ਚਿੱਟਾ ਵਿਕਵਾਉਣ ਦੇ ਦੋਸ਼ ਲਗਾਏ ਸਨ। ਉਹਨਾਂ ਉਤੇ ਜਵਾਨੀ ਨੂੰ ਬਰਬਾਦ ਕਰਕੇ ਆਪਣੇ ਨਾਮੀ ਬੇਨਾਮੀ ਜਾਇਦਾਦ ਬਣਾਉਣ ਦੇ ਦੋਸ਼ ਲਗਾਏ ਸਨ।
ਉਨ੍ਹਾਂ ਦੋਸ਼ ਲਗਾਇਆ ਕਿ ਜਿਹੜੇ ਵੀ ਵਿਅਕਤੀ ਵਿਧਾਇਕ ਜ਼ੀਰਾ ਦੀਆਂ ਮਨਮਾਨੀਆਂ ਦੇ ਖ਼ਿਲਾਫ਼ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਦੇ ਖਿਲਾਫ਼ ਝੂਠੇ ਪਰਚੇ ਦਰਜ ਕਰਵਾ ਕੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਭਿਜਵਾ ਦਿੱਤਾ ਜਾਂਦਾ ਹੈ।
ਜਿਸ ਕਰਕੇ ਪਿਛਲੇ ਕਰੀਬ ਪੰਜ ਸਾਲਾਂ ਤੋਂ ਜ਼ੀਰਾ ਹਲਕੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣੇ ਹੋਏ ਹਨ, ਪਰ ਹੁਣ ਸਮਾਂ ਆ ਗਿਆ ਹੈ ਕਿ ਲੋਕ ਉਸ ਦੀਆਂ ਜ਼ਿਆਦਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਪੰਜਾਬ ਵਿਧਾਨ ਸਭਾ ਚੋਣਾਂ(Punjab Assembly Elections) ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਇਸੇ ਦੌਰਾਨ ਇੱਥੇ ਪਹੁੰਚੇ ਗੁਰਮੀਤ ਸਿੰਘ ਮੀਤ ਹੇਅਰ(Gurmeet Singh Meet Hair) ਨੇ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਪਾਰਟੀ ਦੇ ਦੋਸ਼ਾਂ ਦੀ ਝੜੀ ਲਗਾਉਂਦਿਆਂ ਕਿਹਾ ਕਿ ਟਰਾਂਸਪੋਰਟ ਮਾਫ਼ੀਆ ਕੇਬਲ ਮਾਫ਼ੀਆ ਰੇਤ ਮਾਫ਼ੀਆ ਨੂੰ ਪੈਦਾ ਕੀਤਾ ਅਤੇ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਕਾਂਗਰਸ ਪਾਰਟੀ ਨੇ ਇਸ ਨੂੰ ਖ਼ਤਮ ਕਰਨ ਦੀ ਬਜਾਏ ਉਤਸ਼ਾਹਿਤ ਕੀਤਾ।