ਫਿਰੋਜ਼ਪੁਰ: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਤਾਲਾਬੰਦੀ ਚੱਲ ਰਹੀ ਹੈ ਤੇ ਹੁਣ ਇਸ ਦੀ ਮਿਆਦ 31 ਮਈ ਤੱਕ ਵਧਾ ਦਿੱਤੀ ਗਈ ਹੈ। ਪੰਜਾਬ ਵਿੱਚ ਕਰਫ਼ਿਊ ਲੱਗੇ ਹੋਣ ਕਰਕੇ ਹਰ ਤਰ੍ਹਾਂ ਦੇ ਕੰਮਕਾਰ ਬੰਦ ਪਏ ਹਨ। ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਵੱਡੀ ਗਿਣਤੀ 'ਚ ਲੇਬਰ ਝੋਨੇ ਦੀ ਬਿਜਾਈ ਲਈ ਆਉਂਦੀ ਸੀ ਪਰ ਮਹਾਂਮਾਰੀ ਕਾਰਨ ਜੋ ਲੇਬਰ ਪੰਜਾਬ ਵਿੱਚ ਸੀ, ਉਹ ਵੀ ਵਾਪਸ ਆਪਣੇ ਘਰਾਂ ਨੂੰ ਪਰਤ ਗਈ ਹੈ।
ਉੱਥੇ ਹੀ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰਨ ਵੇਲੇ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਦੇ ਚਿਹਰਿਆਂ ਉੱਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਥੇ ਮੌਜੂਦ ਪੰਜਾਬੀ ਲੇਬਰ ਨੇ ਝੋਨੇ ਦੀ ਬਿਜਾਈ ਦੀ ਕੀਮਤ ਦੁਗਣੀ ਕਰ ਦਿੱਤੀ ਹੈ। ਉੱਥੇ ਹੀ ਕਿਸਾਨਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਆਪਣੀ ਚਿੰਤਾ ਜ਼ਾਹਰ ਕੀਤੀ।
ਗੱਲਬਾਤ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਲੇਬਰ ਨਾ ਮਿਲਣ ਕਰਕੇ ਪੰਜਾਬੀ ਲੇਬਰ ਦੁਗਣੇ ਰੇਟਾਂ ਦੀ ਮੰਗ ਕਰ ਰਹੀ ਹੈ। ਪਹਿਲਾਂ ਪ੍ਰਤੀ ਏਕੜ 2500 ਰੁਪਏ ਰੇਟ ਹੁੰਦਾ ਸੀ ਪਰ ਹੁਣ ਉਹ 5000 ਹਜ਼ਾਰ ਪ੍ਰਤੀ ਏਕੜ ਦੀ ਮੰਗ ਕਰ ਰਹੇ ਹਨ। ਇਸ ਨਾਲ ਖਰਚਿਆਂ ਵਿੱਚ ਹੋਰ ਵੀ ਵਾਧਾ ਹੋ ਰਿਹਾ ਹੈ।