ਫਿਰੋਜ਼ਪੁਰ: ਹਰਿਆਣਾ 'ਚ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨਾਂ ਉੱਤੇ ਲਾਠੀਚਾਰਜ ਦੀ ਘਟਨਾ ਦੇ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 2 ਘੰਟਿਆ ਲਈ ਚੱਕਾ ਜਾਮ ਕੀਤਾ। ਹਰਿਆਣਾ ਦੇ ਕਿਸਾਨਾਂ ਦੇ ਹੱਕ 'ਚ ਨਿੱਤਰੇ ਫਿਰੋਜ਼ਪੁਰ ਦੇ ਕਿਸਾਨਾਂ ਨੇ ਦੇਵੀਦਾਸਪੁਰਾ ਵਿਖੇ ਰੇਲਵੇ ਲਾਈਨਾਂ 'ਤੇ ਹੀ ਧਰਨਾ ਲਾਇਆ।
ਕਿਸਾਨਾਂ 'ਤੇ ਲਾਠੀਚਾਰਜ ਦੇ ਖਿਲਾਫ ਫਿਰੋਜ਼ਪੁਰ 'ਚ ਪੀਐਮ ਮੋਦੀ ਤੇ ਆਰਐਸਐਸ ਮੁਖੀ ਦਾ ਪੁਤਲਾ ਸਾੜਿਆ ਕਿਸਾਨਾਂ ਨੇ ਪੀਐਮ ਮੋਦੀ ਅਤੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਦਾ ਪੁਤਲਾ ਸਾੜ ਕੇ ਵਿਰੋਧ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਰਿਆਣਾ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਪੀਐਮ ਮੋਦੀ ਵੱਲੋਂ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਬਿਆਨ ਦੇਣ ਦਾ ਵੀ ਵਿਰੋਧ ਕੀਤਾ। ਕਿਸਾਨ ਆਗੂਆਂ ਨੇ ਪੀਐਮ ਮੋਦੀ ਦੀ ਕੇਂਦਰ ਸਰਕਾਰ ਨੂੰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਦੱਸਦੇ ਹੋਏ ਕਈ ਅਦਾਰੀਆਂ ਦੇ ਨਿੱਜੀਕਰਣ ਨੂੰ ਗਲਤ ਦੱਸਿਆ।
ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਮੋਦੀ ਸਰਕਾਰ ਮਹਿਜ਼ ਕਾਰਪੋਰੇਟ ਘਰਾਣਿਆਂ ਲਈ ਕੰਮ ਕਰਦੀ ਹੈ। ਉੱਚੇ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਲਈ ਮੋਦੀ ਸਰਕਾਰ ਕਿਸਾਨਾਂ ਤੇ ਮਜ਼ਦੂਰ ਵਰਗ ਦੇ ਹੱਕ ਖੋਹ ਰਹੀ ਹੈ। ਜਦੋਂ ਕਿਸਾਨ ਆਪਣੇ ਹੱਕਾਂ ਲਈ ਆਵਾਜ਼ ਚੁੱਕਦੇ ਹਨ ਤਾਂ ਇਹ ਸਰਕਾਰ ਕਿਸਾਨਾਂ ਉੱਤੇ ਲਾਠੀਚਾਰਜ ਕਰਵਾਉਂਦੀ ਹੈ ਤਾਂ ਜੋ ਉਨ੍ਹਾਂ ਖਿਲਾਫ ਚੁੱਕੀ ਜਾ ਰਹੀ ਆਵਾਜ਼ ਨੂੰ ਦੱਬਿਆ ਜਾ ਸਕੇ ਪਰ ਅਜਿਹਾ ਨਹੀਂ ਹੋਵੇਗਾ। ਪੰਜਾਬ ਤੇ ਹਰਿਆਣਾ ਦੇ ਨਾਲ-ਨਾਲ ਦੇਸ਼ ਭਰ ਦੇ ਕਿਸਾਨ ਉਨ੍ਹਾਂ ਦੇ ਖਿਲਾਫ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਸ਼ਹਿਰਵਾਸੀਆਂ ਨੂੰ 11 ਅਕਤੂਬਰ ਨੂੰ ਉਲੀਕੇ ਗਏ ਕਿਸਾਨਾਂ ਦੇ ਪੱਕੇ ਧਰਨੇ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਆਖਿਆ ਮੋਦੀ ਸਰਕਾਰ ਜਬਰਨ ਆਪਣੇ ਨਿੱਜੀ ਫਾਇਦੇ ਲਈ ਬਣਾਏ ਕਾਨੂੰਨ ਲਾਗੂ ਕਰਨਾ ਚਾਹੁੰਦੀ ਹੈ। ਕਿਸਾਨ ਜੱਥੇਬੰਦੀਆਂ ਅਜਿਹਾ ਨਹੀਂ ਹੋਣ ਦੇਣਗੀਆਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਧਰਨੇ ਤੋਂ ਹਟਾਉਣ ਲਈ ਹੁਣ ਕੋਇਲੇ ਦੀ ਸਪਲਾਈ ਆਦਿ ਪ੍ਰਭਾਵਤ ਹੋਣ ਦੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਹਨ। ਜਦਕਿ ਕਿਸਾਨ ਇਸ ਦੇ ਲਈ ਜ਼ਿੰਮੇਵਾਰ ਨਹੀਂ ਹਨ। ਉਨ੍ਹਾਂ ਆਖਿਆ ਕਿ ਜਦ ਤੱਕ ਮੋਦੀ ਸਰਕਾਰ ਇਨ੍ਹਾਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ।