ਫਿਰੋਜ਼ਪੁਰ:ਸੂਬੇ ਅੰਦਰ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬੇਸ਼ੱਕ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਕੀਤੇ ਗਏ ਸਨ। ਪਰ, ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਅੱਜ ਵੀ ਧੜੱਲੇ ਨਾਲ ਵਿਕ ਰਿਹਾ ਹੈ ਜਿਸ ਨਾਲ ਆਏ ਦਿਨ ਪੰਜਾਬ ਦੀ ਨੌਜਵਾਨੀ ਖ਼ਤਮ ਹੁੰਦੀ ਜਾ ਰਹੀ ਹੈ। ਨਸ਼ੇ ਦੀ ਦਲਦਲ ਵਿੱਚ ਫਸੇ ਇਕ ਹੋਰ 25 ਸਾਲਾਂ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਤੇ ਸਥਾਨਕ ਲੋਕਾਂ ਦਾ ਇਸ ਸਮੇਂ ਪੁਲਿਸ ਪ੍ਰਸ਼ਾਸਨ ਉੱਤੇ ਗੁੱਸਾ ਫੁੱਟਿਆ। ਉਨ੍ਹਾਂ ਕਿਹਾ ਅੰਮ੍ਰਿਤਪਾਲ ਨੂੰ ਫੜ੍ਹਨ ਲਈ ਪੁਲਿਸ ਇੰਨੇ ਤਾਂਮ ਜਾਂਮ ਕਰ ਰਹੀ ਹੈ, ਤਾਂ ਨਸ਼ਾ ਤਸਕਰਾਂ ਲਈ ਇੰਨੀ ਮੁਸਤੈਦੀ ਕਿਉਂ ਨਹੀਂ ਹੈ। ਮ੍ਰਿਤਕ ਨੌਜਵਾਨ ਦੇ 2 ਛੋਟੇ ਬੱਚੇ ਵੀ ਹਨ, ਜਿਨ੍ਹਾਂ ਦੇ ਪਾਲਣ ਪੋਸ਼ਣ ਲਈ ਸਥਾਨਕ ਲੋਕਾਂ ਨੇ ਮਦਦ ਦੀ ਗੁਹਾਰ ਲਾਈ।
ਨਸ਼ੇ ਦਾ ਆਦੀ ਸੀ ਮ੍ਰਿਤਕ:ਫਿਰੋਜ਼ਪੁਰ ਦੀ ਬਸਤੀ ਬਾਗ ਵਾਲੀ ਵਿੱਚ ਇੱਕ 25 ਸਾਲਾਂ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਹਰੀਸ਼ ਦੀ ਪਤਨੀ ਨੇ ਦੱਸਿਆ ਕਿ ਹਰੀਸ਼ ਨਸ਼ਾ ਕਰਨ ਦਾ ਆਦੀ ਸੀ ਜਿਸ ਦੀ ਅੱਜ ਨਸ਼ੇ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੇ ਦੋ ਛੋਟੇ-ਛੋਟੇ ਬੱਚੇ ਵੀ ਹਨ। ਉਸ ਨੇ ਦੱਸਿਆ ਕਿ ਬੇਸ਼ੱਕ ਉਸ ਦਾ ਪਤੀ ਨਸ਼ਾ ਕਰਦਾ ਸੀ, ਪਰ ਥੋੜ੍ਹਾ ਬਹੁਤਾ ਘਰ ਦਾ ਗੁਜਾਰਾ ਚੱਲ ਰਿਹਾ ਸੀ ਅਤੇ ਉਹ ਖੁਦ ਵੀ ਮਿਹਨਤ ਮਜ਼ਦੂਰੀ ਕਰ ਆਪਣੇ ਬੱਚੇ ਪਾਲ ਰਹੀ ਸੀ, ਪਰ ਹੁਣ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਇਕੱਲੀ ਨੂੰ ਘਰ ਚਲਾਉਣਾ ਬਹੁਤ ਮੁਸ਼ਕਿਲ ਹੋ ਜਾਣਾ ਹੈ।
ਕਿਰਾਏ ਦਾ ਮਕਾਨ ਉੱਤੇ ਰਿਹਾ ਸੀ ਮ੍ਰਿਤਕ:ਗੱਲਬਾਤ ਦੌਰਾਨ ਸਥਾਨਕ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕੋਲ ਰਹਿਣ ਲਈ ਸਿਰ ਉੱਤੇ ਖੁਦ ਦੀ ਛੱਤ ਵੀ ਨਹੀਂ ਹੈ, ਕਿਉਂਕਿ ਜਿੱਥੇ ਉਹ ਰਹਿ ਰਹੇ ਹਨ। ਉਹ ਕਿਰਾਏ ਦਾ ਮਕਾਨ ਹੈ ਅਤੇ ਹੁਣ ਉਸ ਨੂੰ ਛੋਟੇ ਛੋਟੇ ਬੱਚੇ ਪਾਲਣੇ ਬਹੁਤ ਮੁਸ਼ਕਿਲ ਹੋ ਜਾਣੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਇਸ ਗਰੀਬ ਪਰਿਵਾਰ ਦੀ ਮਦਦ ਜਰੂਰ ਕਰਨ, ਤਾਂ ਜੋ ਛੋਟੇ ਛੋਟੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ।