ਫਿਰੋਜ਼ਪੁਰ: ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਧਾਨਗੀ ਦਾ ਸਮਾਗਮ ਚੰਡੀਗੜ੍ਹ ਵਿਖੇ ਕਾਂਗਰਸ ਭਵਨ ਵਿੱਚ ਰੱਖਿਆ ਗਿਆ ਸੀ। ਜਿਸ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਲੋਕ ਪਹੁੰਚੇ ਇਸੇ ਤਰ੍ਹਾਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਵਿੱਚ ਪਿੰਡਾਂ ਵਿੱਚੋਂ ਸਰਪੰਚ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਇਸ ਸਮਾਗਮ ਵਿੱਚ ਜਾਣ ਲਈ ਬੱਸਾਂ ਤੇ ਕਾਰਾਂ ਤੇ ਗਏ। ਇਸ ਤਰ੍ਹਾਂ ਪਿੰਡ ਮਲਸੀਆਂ ਦੇ ਸਰਪੰਚ ਬਲਵੀਰ ਸਿੰਘ ਮਿੰਨੀ ਬੱਸ ਰਾਹੀਂ ਪਿੰਡ ਵਾਸੀਆਂ ਨੂੰ ਆਪਣੀ ਅਗਵਾਈ ਵਿੱਚ ਲੈ ਕੇ ਜ਼ੀਰਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ।
ਜਦੋਂ ਉਹ ਮੋਗਾ ਦੇ ਪਿੰਡ ਲੁਹਾਰਾਂ ਦੇ ਕੋਲ ਪਹੁੰਚੇ ਤਾਂ ਸੜਕ ਤੇ ਬਣੇ ਸਪੀਡ ਬ੍ਰੇਕਰ ਤੋਂ ਬੱਸ ਦੇ ਜੰਪ ਕਰਨ ਨਾਲ ਬੱਸ ਤੇ ਪਟੇ ਟੁੱਟ ਗਏ ਜਿਸ ਨਾਲ ਬੱਸ ਦਾ ਸੰਤੁਲਨ ਵਿਗੜ ਗਿਆ ਤੇ ਸਾਹਮਣੇ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਵਿੱਚ ਜਾ ਵੱਜੀ। ਜਿਸ ਨਾਲ ਮੌਕੇ ਤੇ ਹੀ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਜੋ ਬੱਸ ਦਾ ਡਰਾਈਵਰ ਗੁਰਦੇਵ ਸਿੰਘ ਪੁੱਤਰ ਮੋਹਨ ਸਿੰਘ ਜ਼ੀਰਾ ਦੇ ਪਿੰਡ ਘੁੱਦੂਵਾਲੇ ਦਾ ਸੀ ਤੇ ਦੋ ਵਿਅਕਤੀ ਵਿਰਸਾ ਸਿੰਘ ਪੁੱਤਰ ਬਲਕਾਰ ਸਿੰਘ ਤੇ ਸੁਖਦੇਵ ਸਿੰਘ ਉਰਫ ਵਿੱਕੀ ਪੁੱਤਰ ਜਸਪਾਲ ਸਿੰਘ ਜੋ ਪਿੰਡ ਮਨਸ਼ਿਆਂ ਕਲਾਂ ਦੇ ਰਹਿਣ ਵਾਲੇ ਸੀ। ਇਸ ਦੌਰਾਨ ਹਾਦਸੇ ਵਿੱਚ ਗੰਭੀਰ ਜ਼ਖਮੀ ਵਿਅਕਤੀਆਂ ਨੂੰ ਮੋਗਾ, ਫ਼ਰੀਦਕੋਟ, ਲੁਧਿਆਣਾ ਤੇ ਅੰਮ੍ਰਿਤਸਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਜਿਨ੍ਹਾਂ ਦੀ ਖ਼ਬਰ ਸੁਣ ਕੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸਮਾਗਮ ਵਿੱਚ ਵੀ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ,ਵਿਧਾਇਕ ਡਾ.ਹਰਜੋਧ ਸਿੰਘ ਕਮਲ,ਵਿਧਾਇਕ ਦਵਿੰਦਰ ਸਿੰਘ ਘੁਬਾਇਆ ਤੇ ਇਨ੍ਹਾਂ ਨੂੰ ਨਾਲ ਲੈ ਕੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਇਨ੍ਹਾਂ ਜ਼ਖ਼ਮੀਆਂ ਦਾ ਪਤਾ ਲੈਣ ਹਸਪਤਾਲਾਂ ਵਿੱਚ ਪਹੁੰਚੇ ਉਸ ਤੋਂ ਬਾਅਦ ਪਿੰਡ ਮਨਸੀਹਾਂ ਤੇ ਘੁੱਦੂਵਾਲਾ ਵਿੱਚ ਉਨ੍ਹਾਂ ਪਰਿਵਾਰਾਂ ਨਾਲ ਅਫ਼ਸੋਸ ਕਰਨ ਪਹੁੰਚੇ। ਜਿਨ੍ਹਾਂ ਨੇ ਇਸ ਪਾਰਟੀ ਦੀ ਲਈ ਆਪਣੀਆਂ ਜਾਨਾਂ ਗਵਾ ਦਿੱਤੀਆਂ। ਇਨ੍ਹਾਂ ਪਰਿਵਾਰਾਂ ਨਾਲ ਅਫ਼ਸੋਸ ਕਰਨ ਸਮੇਂ ਡਾ. ਹਰਜੋਤ ਕਮਲ ਨੇ ਕਿਹਾ ਕਿ ਅਸੀਂ ਇਸ ਘਾਟੇ ਨੂੰ ਪੂਰਾ ਨਹੀਂ ਕਰ ਸਕਦੇ ਤੇ ਇਨ੍ਹਾਂ ਨਾਲ ਦੁੱਖ ਵੰਡਾਉਣ ਆਏ ਹਾਂ ਤੇ ਹਮੇਸ਼ਾਂ ਇਨ੍ਹਾਂ ਪਰਿਵਾਰਾਂ ਨਾਲ ਖੜ੍ਹੇ ਰਹਾਂਗੇ।
ਇਸ ਮੌਕੇ ਗੱਲ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਉਹ ਨੁਕਸਾਨ ਹੈ ਜਿਸ ਦੀ ਭਰਪਾਈ ਨਹੀਂ ਹੋ ਸਕਦੀ ਕਿਉਂ ਕਿ ਇਸ ਮੌਕੇ ਤੇ ਸਾਰੀਆਂ ਸ਼ਕਤੀਆਂ ਹਾਰ ਜਾਂਦੀਆਂ ਹਨ ਜੇ ਸਰਕਾਰ ਨੇ ਪੰਜ ਲੱਖ ਦਾ ਐਲਾਨ ਕਰ ਦਿੱਤਾ ਹੈ। ਉਸ ਨਾਲ ਇਹ ਵਿਅਕਤੀ ਵਾਪਸ ਨਹੀਂ ਆ ਸਕਦੇ ਪਰ ਸਾਨੂੰ ਇਨ੍ਹਾਂ ਪਰਿਵਾਰਾਂ ਨਾਲ ਦੁੱਖ ਵੰਡਾ ਕੇ ਮਨ ਨੂੰ ਸੰਤੁਸ਼ਟੀ ਮਿਲੀ ਹੈ ਅਤੇ ਜ਼ਖ਼ਮੀ ਵਿਅਕਤੀਆਂ ਦੇ ਇਲਾਜ ਵਾਸਤੇ ਜੋ ਸਰਕਾਰ ਵੱਲੋਂ ਪੰਜਾਹ ਹਜ਼ਾਰ ਦਾ ਕਿਹਾ ਗਿਆ ਹੈ ਉਸ ਦੀ ਜਗ੍ਹਾ ਭਾਵੇਂ ਪੰਜਾਹ ਲੱਖ ਵੀ ਲੱਗ ਜਾਣ ਤੇ ਉਨ੍ਹਾਂ ਨੂੰ ਸਹੀ ਸਲਾਮਤ ਕਰਵਾਉਣਾ ਸਾਡਾ ਫਰਜ਼ ਬਣਦਾ ਹੈ ਤੇ ਅਸੀਂ ਇਨ੍ਹਾਂ ਪਰਿਵਾਰਾਂ ਨਾਲ ਹਮੇਸ਼ਾਂ ਖੜ੍ਹੇ ਰਹਾਂਗੇ।
ਇਹ ਵੀ ਪੜੋ:ਅੱਜ ਮੋਰਿੰਡਾ 'ਚ ਨਵਜੋਤ ਸਿੰਘ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ