ਫਿਰੋਜ਼ਪੁਰ:ਫਿਰੋਜ਼ਪੁਰ ਵਿੱਚ 26 ਜਨਵਰੀ ਨੂੰ ਲੈਕੇ ਪੁਲਿਸ ਵੱਲੋਂ ਥਾਂ-ਥਾਂ ਨਾਕਾਬੰਦੀ ਕੀਤੀ ਗਈ ਅਤੇ ਸ਼ਹਿਰ ਵਿੱਚ ਫਲੈਗ ਮਾਰਚ ਕੱਢ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਪੁਲਿਸ ਉਨ੍ਹਾਂ ਦੀ ਸੁਰੱਖਿਆ ਲਈ ਤਿਆਰ ਬਰ ਤਿਆਰ ਹੈ। ਉਥੇ ਹੀ ਜੇਕਰ ਗੱਲ ਕਰੀਏ ਲੁੱਟਾ ਖੋਹਾਂ ਕਰਨ ਵਾਲੇ ਲੋਕਾਂ ਦੀ ਤਾਂ ਲੁੱਟਾ ਖੋਹਾਂ ਕਰਨ ਵਾਲੇ ਪੁਲਿਸ ਤੋਂ ਵੀ ਦੋ ਕਦਮ ਅੱਗੇ ਸੋਚਦੇ ਹਨ। ਤਾਜਾ ਮਾਮਲਾ ਇਕ ਵਾਰ ਤਾਂ ਦਿਲ ਦਹਿਲਾ ਦੇਣ ਵਾਲਾ ਹੈ।ਫਿਰੋਜ਼ਪੁਰ ਛਾਉਣੀ ਦੀ ਘੁਮਿਆਰ ਮੰਡੀ ਤੋਂ ਜਿਥੇ ਕੰਮ ਤੋਂ ਆ ਰਹੀ ਲੜਕੀ ਕੋਲੋਂ ਉਸਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਸਦੇ ਨਾਲ ਹੀ ਲੁੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਲੜਕੀ ਦੀਆਂ ਤਿੰਨ ਉਂਗਲਾਂ ਵੱਢੀਆਂ ਗਈਆਂ। ਲੜਕੀ ਹਸਪਤਾਲ ਵਿੱਚ ਜੇਰੇ ਇਲਾਜ਼ ਹੈ।
ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਘਟਨਾ:ਲੜਕੀ ਉੱਤੇ ਲੁਟੇਰਿਆਂ ਵਲੋਂ ਕੀਤੇ ਗਏ ਕਾਤਿਲਾਨਾਂ ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੱਸਿਆ ਗਿਆ ਹੈ ਕਿ ਲੜਕੀ ਗੁਰਪ੍ਰੀਤ ਕੌਰ ਇੱਕ ਬੈਂਕ ਵਿੱਚ ਕੰਮ ਕਰਦੀ ਹੈ। ਇਹ ਲੜਕੀ ਰੋਜਾਨਾਂ ਦੀ ਤਰ੍ਹਾਂ ਘਰ ਵਾਪਿਸ ਆ ਰਹੀ ਸੀ ਤਾਂ ਪਿਛੋਂ ਦੀ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਇਸ ਲੜਕੀ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਲੜਕੀ ਨੇ ਆਪਣਾ ਪਰਸ ਨਹੀਂ ਛੱਡਿਆ ਤਾਂ ਉਨ੍ਹਾਂ ਲੜਕੀ ਨੂੰ ਫੜ ਕੇ ਦੂਰ ਤੱਕ ਘੜੀਸਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਲੜਕੀ ਉੱਪਰ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।