ਮੋਟਰਸਾਈਕਲ ਚੋਰੀ ਜਾਣਕਾਰੀ ਦਿੰਦੇ ਹੋਏ ਕਿਸਾਨ ਫਿਰੋਜ਼ਪੁਰ:ਪੰਜਾਬ 'ਚ ਪਿਛਲੇ ਕੁਝ ਦਿਨਾਂ 'ਚ ਲੁੱਟ ਖੋਹ, ਚੋਰੀ ਅਤੇ ਕਤਲ ਦੀਆਂ ਕਈ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ। ਬੇਸ਼ੱਕ ਸਰਕਾਰ ਤੇ ਪੁਲਿਸ ਕਾਨੂੰਨ ਵਿਵਸਥਾ ਸਹੀ ਹੋਣ ਦੇ ਦਾਅਵੇ ਕਰਦੀਆਂ ਹਨ ਪਰ ਨਿੱਤ ਦਿਨ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਇੰਨ੍ਹਾਂ ਦਾਅਵਿਆਂ ਦੀ ਫੂਕ ਕੱਢ ਰਹੀਆਂ ਹਨ। ਤਾਜ਼ਾ ਮਾਮਲਾ ਜ਼ਿਲ੍ਹਾ ਫਿਰੋਪਜ਼ੁਰ ਦੇ ਹਲਕਾ ਜ਼ੀਰਾ ਦੇ ਅਮਨ ਨਗਰ ਤੋਂ ਸਾਹਮਣੇ ਆਇਆ ਹੈ, ਜਿਥੇ ਘਰ ਦੇ ਬਾਹਰ ਖੜਾ ਮੋਟਰਸਾਈਕਲ ਚੋਰ ਅਸਾਨੀ ਨਾਲ ਚੋਰੀ ਕਰਕੇ ਆਪਣੇ ਨਾਲ ਲੈ ਗਿਆ।
ਕਿਸਾਨਾਂ ਦੀ ਮੀਟਿੰਗ ਦੌਰਾਨ ਮੋਟਰਸਾਈਕਲ ਚੋਰੀ:ਕਾਬਿਲੇਗੌਰ ਹੈ ਕਿ ਕਿਸਾਨ ਜਥੇਬੰਦੀਆਂ ਵਲੋਂ ਅਮਨ ਨਗਰ 'ਚ ਇੱਕ ਘਰ 'ਚ ਜਥੇਬੰਦੀ ਦੀ ਮੀਟਿੰਗ ਰੱਖੀ ਗਈ ਸੀ ਤਾਂ ਇਸ ਦੌਰਾਨ ਕਿਸਾਨਾਂ ਵਲੋਂ ਆਪਣੇ ਮੋਟਰਸਾਈਕਲ ਬਾਹਰ ਗਲੀ 'ਚ ਖੜੇ ਕੀਤੇ ਹੋਏ ਸਨ। ਜਿਸ 'ਚ ਚੋਰ ਫਾਇਦਾ ਚੁੱਕਦਾ ਹੈ ਤੇ ਅਸਾਨੀ ਨਾਲ ਮੋਟਰਸਾਈਕਲ ਚੋਰੀ ਕਰਕੇ ਆਪਣੇ ਨਾਲ ਲੈ ਜਾਂਦਾ ਹੈ। ਉਧਰ ਚੋਰੀ ਦੀ ਇਹ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਜਿਸ ਤੋਂ ਬਾਅਦ ਕਿਸਾਨਾਂ ਵਲੋਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਘਰ ਦੇ ਬਾਹਰ ਖੜਾ ਮੋਟਰਸਾਈਕਲ ਲੈਕੇ ਚੋਰ ਰਫ਼ੂਚੱਕਰ:ਉਕਤ ਕਿਸਾਨ ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਅਮਨ ਨਗਰ ਇਲਾਕੇ ਵਿੱਚ ਇੱਕ ਸ਼ਰਾਰਤੀ ਚੋਰ ਇੱਕ ਕਿਸਾਨ ਦਾ ਮੋਟਰਸਾਇਕਲ ਚੋਰੀ ਕਰਕੇ ਲੈ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਡੀ ਕਿਸਾਨਾਂ ਨਾਲ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਮੀਟਿੰਗ ਚੱਲ ਰਹੀ ਸੀ ਅਤੇ ਘਰ ਦੇ ਬਾਹਰ ਕਈ ਮੋਟਰਸਾਇਕਲ ਖੜੇ ਸਨ। ਇਸ ਦੌਰਾਨ ਇੱਕ ਨੌਜਵਾਨ ਆਇਆ ਤੇ ਬੜੀ ਚਲਾਕੀ ਨਾਲ ਮੋਟਰਸਾਈਕਲ ਚੋਰੀ ਕਰਕੇ ਆਪਣੇ ਨਾਲ ਲੈ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਤੋਂ ਉਹ ਅਪੀਲ ਕਰਦੇ ਹਨ ਕਿ ਚੋਰ ਨੂੰ ਕਾਬੂ ਕੀਤਾ ਜਾਵੇ ਅਤੇ ਚੋਰੀ ਹੋਏ ਮੋਟਰਸਾਈਕਲ ਦੀ ਭਾਲ ਕਰਕੇ ਕਿਸਾਨ ਨੂੰ ਵਾਪਸ ਕਰਵਾਇਆ ਜਾਵੇ। ਕਿਸਾਨਾਂ ਦਾ ਕਹਿਣਾ ਕਿ ਜਿਸ ਨੌਜਵਾਨ ਨੇ ਚੋਰੀ ਕੀਤੀ ਹੈ, ਉਹ ਦੇਖਣ 'ਚ ਚੋਰ ਨਹੀਂ ਲੱਗ ਰਿਹਾ ਸੀ, ਜਿਸ ਤੋਂ ਲੱਗਦਾ ਕਿ ਉਹ ਕੋਈ ਨਸ਼ੇੜੀ ਹੋ ਸਕਦਾ ਹੈ।
ਦਿਨ ਪਰ ਦਿਨ ਵੱਧ ਰਹੀਆਂ ਵਾਰਦਾਤਾਂ: ਕਾਬਿਲੇਗੌਰ ਹੈ ਕਿ ਪੰਜਾਬ 'ਚ ਅਮਨ ਅਮਾਨ ਦੀ ਸਥਿਤੀ ਨੂੰ ਲੈ ਕੇ ਸਰਕਾਰ ਅਕਸਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹੀ ਹੈ, ਜਿਸ 'ਚ ਲੁੱਟਾਂ ਖੋਹਾਂ, ਚੋਰੀਆਂ, ਨਸ਼ਾ ਤੇ ਕਤਲ ਵਰਗੀਆਂ ਵਾਰਦਾਤਾਂ ਸ਼ਾਮਲ ਹਨ। ਜਿਸ 'ਚ ਅਕਸਰ ਗੱਲ ਸਾਹਮਣੇ ਆਉਂਦੀ ਹੈ ਕਿ ਨੌਜਵਾਨਾਂ ਵਲੋਂ ਨਸ਼ੇ ਦੀ ਪੂਰਤੀ ਲਈ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ।