ਫ਼ਿਰੋਜ਼ਪੁਰ: ਗ਼ਰੀਬ ਲੋਕ ਅਕਸਰ ਸਰਦੀ ਵਿੱਚ ਅੰਗੀਠੀ ਦਾ ਸਹਾਰਾ ਲੈਂਦੇ ਹਨ ਪਰ ਅੰਗੀਠੀ ਦੀ ਵਰਤੋਂ ਕਰਨੀ ਕਈ ਵਾਰ ਬਹੁਤ ਮਹਿੰਗੀ ਪੈ ਸਕਦੀ ਹੈ। ਅਜਿਹੀ ਦਰਦਨਾਕ ਘਟਨਾ ਥਾਣਾ ਮੱਲਾਂਵਾਲਾ ਅਧੀਨ ਆਉਂਦੇ ਪਿੰਡ ਹਾਮਦਵਾਲਾ ਉਤਾੜ ਵਿਖੇ ਵਾਪਰੀ ਹੈ, ਜਿਥੇ ਅੰਗੀਠੀ ਦੇ ਧੂੰਏ ਕਾਰਨ ਇੱਕ ਔਰਤ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ।
ਮ੍ਰਿਤਕ ਬੱਚਿਆਂ ਦੇ ਤਾਏ ਨੇ ਦੱਸਿਆ ਕਿ ਬੱਚਿਆਂ ਅਤੇ ਉਸਦੀ ਭਰਜਾਈ ਰਾਜਵੀਰ ਕੌਰ ਦੀ ਮੌਤ ਬਾਰੇ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ। ਉਸ ਨੇ ਦੱਸਿਆ ਕਿ ਦੇਰ ਸ਼ਾਮ ਰਾਜਵੀਰ ਕੌਰ ਘਰ ਵਿੱਚ ਪਈ ਅੰਗੀਠੀ ਬੱਚਿਆਂ ਖਾਤਰ ਕਮਰੇ ਅੰਦਰ ਲੈ ਗਈ ਪਰ ਸਵੇਰੇ ਕਮਰੇ ਵਿੱਚੋਂ ਕੋਈ ਬਾਹਰ ਨਹੀਂ ਆਇਆ ਕਿਉਂਕਿ ਬੱਚੇ ਸਵੇਰੇ ਜਲਦੀ ਉਠ ਖੜਦੇ ਸਨ। ਘਰਦਿਆਂ ਨੇ ਉਸ ਨੂੰ ਬੁਲਾ ਕੇ ਦਰਵਾਜ਼ਾ ਤੋੜਿਆ ਤਾਂ ਅੰਦਰ ਬੱਚੇ ਅਤੇ ਉਸ ਦੀ ਭਰਜਾਈ ਰਾਜਵੀਰ ਕੌਰ (ਉਮਰ 35 ਸਾਲ) ਦੀ ਮੌਤ ਹੋ ਗਈ ਸੀ। ਉਸ ਨੇ ਕਿਹਾ ਕਿ ਇਹ ਅੰਗੀਠੀ ਦੇ ਧੂੰਏ ਕਾਰਨ ਕਮਰੇ ਅੰਦਰ ਆਕਸੀਜਨ ਦੀ ਮਾਤਰਾ ਘੱਟ ਜਾਣ ਕਾਰਨ ਕਾਰਨ ਹਾਦਸਾ ਵਾਪਰਿਆ ਹੈ।