ਫਿਰੋਜ਼ਪੁਰ:ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਹੜ੍ਹ ਦੇ ਪਾਣੀ 'ਚ ਡੁੱਬਦਾ ਮਦਦ ਮੰਗ ਰਿਹਾ ਸੀ, ਪਰ ਲੋਕ ਕੰਢੇ 'ਤੇ ਖੜ੍ਹੇ ਹੋ ਕੇ ਵੀਡੀਓ ਬਣਾਉਂਦੇ ਰਹੇ। ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅਖੀਰ ਉਕਤ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
ਪੁਲ਼ ਉਤੇ ਖੜ੍ਹ ਕੇ ਪਾਣੀ ਦਾ ਵਹਾਅ ਦੇਖ ਰਿਹਾ ਸੀ ਨੌਜਵਾਨ :ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜਗਦੀਸ਼ ਸਿੰਘ ਪੁੱਤਰ ਵੀਰ ਸਿੰਘ ਭਗਤ ਵਾਸੀ ਪਿੰਡ ਨੌਬਹਿਰਾਮ ਸ਼ੇਰ ਸਿੰਘ ਵਾਲਾ ਵਜੋਂ ਹੋਈ ਹੈ। ਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਉਸ ਸਮੇਂ ਵਾਪਰਿਆ ਜਦੋਂ ਪਿੰਡ ਨੇੜੇ ਸਤਲੁਜ ਦਰਿਆ ਦਾ ਪਾਣੀ ਤੇਜ਼ ਵਹਿ ਰਿਹਾ ਸੀ। ਜਗਦੀਸ਼ ਪੁਲ ਦੇ ਉੱਪਰ ਸਤਲੁਜ ਦਰਿਆ ਦੇ ਤੇਜ਼ ਵਹਾਅ ਨੂੰ ਦੇਖ ਰਿਹਾ ਸੀ। ਇਸ ਦੌਰਾਨ ਉਸਦਾ ਪੈਰ ਫਿਸਲ ਗਿਆ ਅਤੇ ਉਹ ਨਦੀ ਵਿੱਚ ਡਿੱਗ ਗਿਆ। ਜਗਦੀਸ਼ ਨੇ ਡੁੱਬਣ ਤੋਂ ਬਚਣ ਲਈ ਬਹੁਤ ਯਤਨ ਕੀਤੇ ਪਰ ਸਤਲੁਜ ਦੇ ਤੇਜ਼ ਵਹਾਅ ਵਿੱਚ ਉਹ ਰੁੜ੍ਹ ਗਿਆ। ਅਖੀਰ ਉਸ ਦੀ ਲਾਸ਼ ਹੀ ਪਾਣੀ ਵਿੱਚੋਂ ਬਾਹਰ ਆਈ। ਜਗਦੀਸ਼ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ।