ਫਿਰੋਜ਼ਪੁਰ:ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਵਿਭਾਗ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਦੋ ਵੱਖੋ ਵੱਖ ਆਪ੍ਰੇਸ਼ਨਾਂ 'ਚ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਉਨ੍ਹਾਂ ਵਲੋਂ ਨਾਕਾਮ ਕਰ ਦਿੱਤਾ ਗਿਆ। ਇਸ ਦੌਰਾਨ ਚਾਰ ਨਸ਼ਾ ਤਸਕਰਾਂ ਨੂੰ 77 ਕਿਲੋ ਹੈਰੋਇਨ ਅਤੇ ਤਿੰਨ ਪਿਸਤੌਲ ਸਣੇ ਕਾਬੂ ਕੀਤਾ ਗਿਆ। ਇਸ ਸਬੰਧੀ ਡੀਜੀਪੀ ਪੰਜਾਬ ਨੇ ਜਾਣਕਾਰੀ ਦਿੱਤੀ ਕਿ ਸਾਲ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਕੀਤੀ ਗਈ ਹੈ। ਜਿਸ ਦੀ ਕੌਮਾਂਤਰੀ ਕੀਮਤ ਕਰੀਬ 400 ਕਰੋੜ ਰੁਪਏ ਬਣਦੀ ਹੈ।
ਦੋ ਵੱਖੋ ਵੱਖ ਆਪ੍ਰੇਸ਼ਨ:ਇਸ ਸਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਦੋ ਵੱਖ-ਵੱਖ ਖੁਫੀਆ ਏਜੰਸੀ ਦੀ ਅਗਵਾਈ ਵਾਲੇ ਆਪਰੇਸ਼ਨਾਂ ਵਿੱਚ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਸਾਲ ਦੀ ਸਭ ਤੋਂ ਵੱਡੀ ਬਰਾਮਦਗੀ ਕੀਤੀ ਹੈ। ਜਿਸ 'ਚ ਉਨ੍ਹਾਂ 4 ਨਸ਼ਾ ਤਸਕਰਾਂ ਨੂੰ ਫੜਿਆ ਹੈ ਅਤੇ 77 ਕਿਲੋ ਹੈਰੋਇਨ (41 ਕਿਲੋ + 36 ਕਿਲੋ) ਅਤੇ 3 ਪਿਸਤੌਲ ਬਰਾਮਦ ਕੀਤੇ ਹਨ।
ਪੰਜਾਬ ਸਣੇ ਗੁਆਂਢੀ ਸੂਬਿਆਂ 'ਚ ਤਸਕਰੀ:ਇਸ ਦੇ ਨਾਲ ਹੀ ਡੀਜੀਪੀ ਪੰਜਾਬ ਨੇ ਜਾਣਕਾਰੀ ਦਿੱਤੀ ਸੀ ਇਹ ਗਿਰੋਹ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਕਰਦੇ ਸੀ। ਜਿਸ ਤੋਂ ਬਾਅਦ ਇਨ੍ਹਾਂ ਵਲੋਂ ਪੰਜਾਬ ਅਤੇ ਹੋਰ ਬਾਹਰੀ ਸੂਬਿਆਂ 'ਚ ਇਸ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਸੀ। ਜਿਸ 'ਚ ਇਹ ਇੱਕ ਵੱਡੀ ਸਫ਼ਲਤਾ ਹੱਥ ਲੱਗੀ ਹੈ।
ਪੁਲਿਸ ਵਲੋਂ ਮਾਮਲਾ ਦਰਜ: ਡੀਜੀਪੀ ਪੰਜਾਬ ਗੋਰਵ ਯਾਦਵ ਨੇ ਇਸ ਦੇ ਨਾਲ ਹੀ ਦੱਸਿਆ ਕਿ SSOC ਫਾਜ਼ਿਲਕਾ ਵਿਖੇ NDPS ਐਕਟ ਦੇ ਅਧੀਨ FIR ਦਰਜ ਕਰ ਲਈ ਗਈ ਹੈ। ਜਿਸ 'ਚ ਉਨ੍ਹਾਂ ਦਾ ਕਹਿਣਾ ਕਿ ਨਸ਼ੇ ਦੇ ਇਸ ਨੈਕਸਸ ਨੂੰ ਤੋੜਨ 'ਚ ਉਹ ਕੁਝ ਹੱਦ ਤੱਕ ਕਾਮਯਾਬ ਹੋਏ ਹਨ ਤੇ ਇਸ 'ਤੇ ਅੱਗੇ ਵੀ ਕਾਰਵਾਈ ਜਾਰੀ ਰੱਖਣਗੇ।
ਅੰਮ੍ਰਿਤਸਰ 'ਚ ਵੀ ਹੋਈ ਸੀ ਬਰਾਮਦਗੀ:ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਦਿਨੀਂ ਅੰਮ੍ਰਿਤਸਰ 'ਚ ਵੀ ਪੁਲਿਸ ਨੇ ਨਸ਼ੇ ਦੇ ਨੈਕਸਸ ਨੂੰ ਤੋੜਦਿਆਂ ਇੱਕ ਮੁਲਜ਼ਮ ਨੂੰ 6 ਕਿਲੋ ਹੈਰੋਇਨ ਅਤੇ 1.50 ਲੱਖ ਡਰੱਗ ਮਨੀ ਨਾਲ ਕਾਬੂ ਕੀਤਾ ਸੀ। ਜਿਸ ਦੀ ਨਿਸ਼ਾਨਦੇਹੀ 'ਤੇ ਚਾਰ ਕਿਲੋ ਹੈਰੋਇਨ ਹੋਰ ਰਿਕਵਰ ਕੀਤੀ ਸੀ, ਜਿਸ ਨੂੰ ਮਿਲਾ ਕੇ ਕੁੱਲ 10 ਕਿਲੋ ਹੈਰੋਇਨ ਬਣੀ ਸੀ।