ਫਿਰੋਜ਼ਪੁਰ: ਪਿਛਲੇ ਕਾਫੀ ਦਿਨਾਂ ਤੋਂ ਪਹਾੜਾਂ ਵਿੱਚ ਬਰਸਾਤ ਹੋਣ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਡੈਮਾਂ ਵਿੱਚੋਂ ਜਦੋਂ ਵੀ ਪਾਣੀ ਛੱਡਿਆ ਗਿਆ ਤਾਂ ਉਸ ਨਾਲ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਹੋਈ। ਇਸੇ ਤਰ੍ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਵੱਗਦੇ ਸਤਲੁਜ-ਬਿਆਸ ਦਰਿਆ ਦੇ ਪਾਣੀ ਨੇ ਪਿੰਡਾਂ ਵਿੱਚ ਕਾਲ ਦਾ ਰੂਪ ਧਾਰ ਲਿਆ ਅਤੇ ਸਾਰੀਆਂ ਫਸਲਾਂ ਪਾਣੀ ਦੇ ਨਾਲ ਖਰਾਬ ਹੋ ਗਈਆਂ। ਲੋਕਾਂ ਦਾ ਕਹਿਣਾ ਹੈ ਕਿ ਹੜ੍ਹ ਦਾ ਪਾਣੀ ਉਤਰਨ ਦਾ ਨਾਮ ਨਹੀਂ ਲੈ ਰਿਹਾ ਅਤੇ ਹੁਣ ਵੀ ਇਹੀ ਸਥਿਤੀ ਬਣੀ ਹੋਈ ਜਾਰੀ ਹੈ।
ਸੜਕ ਟੁੱਟਣ ਕਾਰਣ ਨਹੀਂ ਰਿਹਾ ਸੰਪਰਕ: ਹਾਲਾਤਾਂ ਦਾ ਧਰਾਤਲ ਉੱਤੇ ਜਾਕੇ ਜਾਇਜ਼ਾ ਲੈਣ ਲਈ ਜਦੋਂ ਈਟੀਵੀ ਭਾਰਤ ਦੀ ਟੀਮ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਕੁਤਬਦੀਨ ਵਾਲਾ,ਦੁੱਲੇ ਵਾਲਾ ਅਤੇ ਹੋਰ ਪਿੰਡਾਂ ਵਿੱਚ ਪਾਣੀ ਦੇ ਨਾਲ ਰਸਤੇ ਟੁੱਟ ਨਜ਼ਰ ਆਏ। ਪਿੰਡਾਂ ਦਾ ਇੱਕ-ਦੂਜੇ ਨਾਲ ਸਾਰੇ ਸੰਪਰਕ ਟੁੱਟ ਗਿਆ ਹੈ। ਇਸ ਮੌਕੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਸਿਰਫ ਫੋਟੋਆਂ ਹੀ ਖਿਚਵਾਈਆਂ ਜਾਂਦੀਆਂ ਹਨ, ਪਰ ਪਾਣੀ ਦੇ ਵਿੱਚ ਫਸੇ ਘਰਾਂ ਦੇ ਅੰਦਰ ਬੈਠੇ ਲੋਕਾਂ ਦਾ ਕਿਸੇ ਵੀ ਤਰ੍ਹਾਂ ਦਾ ਪਤਾ ਨਹੀਂ ਲਿਆ ਜਾਂਦਾ। ਜਦ ਕਿ ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਹੀ ਲੋਕਾਂ ਤੱਕ ਰਾਸ਼ਨ ਮੁਹੱਈਆ ਕਰਵਾ ਰਹੀਆਂ ਹਨ।