ਫਿਰੋਜ਼ਪੁਰ:ਜ਼ਿਲ੍ਹੇ ਦੇ ਪਿੰਡ ਬੰਡਾਲਾ ਵਿਖੇ ਇੱਕੋ ਹੀ ਪਰਿਵਾਰ ਦੇ ਪੰਜ ਬੱਚਿਆਂ ਵੱਲੋਂ ਨੈਸ਼ਨਲ ਲੈਵਲ 'ਤੇ ਗਤਕਾ ਖੇਡ ਕੇ ਕਈ ਮੈਡਲ ਹਾਸਲ ਕੀਤੇ ਹਨ। ਇਨ੍ਹਾਂ ਬੱਚੇ ਸਿੱਖ ਕੌਮ ਦੇ ਮਾਰਸ਼ਲ ਆਰਟ ਗਤਕਾ ਨੂੰ ਉਲੰਪਿਕ ਤੱਕ ਪਹੁੰਚਣਾ ਚਾਹੁੰਦੇ ਹਨ। ਪਰਿਵਾਰ ਵਾਲਿਆਂ ਤੇ ਪਿੰਡ ਵਾਲੀਆਂ 'ਚ ਬੱਚਿਆਂ ਦੀ ਇਸ ਉਪਲਬਧੀ ਨੂੰ ਲੈ ਕੇ ਖੁਸ਼ੀ ਦਾ ਮਾਹੌਲ ਹੈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਗਤਕਾ ਖਿਡਾਰੀਆਂ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਗਤਕਾ ਖੇਡਣ ਸਬੰਧੀ ਰੁਝਾਨ ਰੱਖਦੇ ਸਨ। ਪਰਿਵਾਰਕ ਮੈਂਬਰਾਂ ਵੱਲੋਂ ਜ਼ੀਰਾ ਵਿਖੇ ਗਤਕਾ ਸਿਖਲਾਈ ਕੇਂਦਰ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਨੇ ਇਸ ਦੀ ਪ੍ਰੈਕਟਿਸ ਸ਼ੁਰੂ ਕੀਤੀ। ਉਹ ਸਾਰੇ ਭੈਣ-ਭਰਾ ਇੱਕੋ ਹੀ ਪਰਿਵਾਰ ਤੋਂ ਹਨ ਤੇ ਉਹ ਸਿੱਖ ਮਾਰਸ਼ਲ ਆਰਟ (ਗਤਕਾ) ਨੂੰ ਅੰਤਰ ਰਾਸ਼ਟਰੀ ਖੇਡ ਦੇ ਪੱਧਰ 'ਤੇ ਲਿਜਾਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਗਤਕੇ ਦੀ ਸਿਖਲਾਈ ਹਰ ਵਿਅਕਤੀ ਨੂੰ ਲੈਣੀ ਚਾਹੀਦੀ ਹੈ। ਇਸ ਰਾਹੀਂ ਲੋਕ ਆਤਮ ਰੱਖਿਆ ਦੀ ਟ੍ਰੇਨਿੰਗ ਲੈ ਸਕਦੇ ਹਨ। ਇਸ ਖੇਡ ਰਾਹੀਂ ਵਿਅਕਤੀ ਤੰਦਰੁਸਤ ਤੇ ਸਿਹਤਮੰਦ ਰਹਿੰਦਾ ਹੈ ਤੇ ਇਸ ਨਾਲ ਪ੍ਰਸਨੈਲਿਟੀ ਡਵੈਲਪਮੈਂਟ ਵੀ ਹੁੰਦਾ ਹੈ। ਖਿਡਾਰੀਆਂ ਨੇ ਦੱਸਿਆ ਕਿ ਉਹ ਇਸ ਵਿਰਾਸਤੀ ਖੇਡ ਗਤਕੇ ਨੂੰ ਓਲੰਪਿਕਸ ਤੱਕ ਲੈ ਕੇ ਜਾਣਾ ਚਾਹੁੰਦੇ ਹਨ।