ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ 'ਇੱਕ ਪਿੰਡ ਇੱਕ ਪੁਲਿਸ ਅਫ਼ਸਰ ਯੋਜਨਾ' ਦਾ ਆਗਾਜ਼ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਕੁੱਲ 699 ਪਿੰਡ ਅਤੇ 127 ਵਾਰਡ ਹਨ, ਜਿਨ੍ਹਾਂ ਵਿੱਚ ਕੁੱਲ 803 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ।
ਹਰੇਕ ਮੁਲਾਜ਼ਮ ਪਿੰਡ ਦੇ ਪੰਚਾਇਤ ਘਰ ਵਿੱਚ ਬੈਠੇਗਾ ਤੇ ਆਪਣੇ ਇਲਾਕੇ ਵਿੱਚ ਚੰਗੇ-ਮਾੜੇ ਅਨਸਰਾਂ ਦੀ ਪਹਿਚਾਣ ਕਰ ਸੰਬੰਧਿਤ ਥਾਣੇ ਨੂੰ ਸੂਚਿਤ ਕਰੇਗਾ। ਹਰੇਕ ਮੁਲਾਜ਼ਮ ਦੀ ਆਪਣੇ ਪਿੰਡ ਜਾ ਵਾਰਡ ਵਿੱਚ ਉਸ ਦੇ ਨਾਂਅ ਅਤੇ ਉਸ ਦੇ ਨਾਲ ਫ਼ੋਨ ਨੰਬਰ ਲਿਖਿਆ ਹੋਵੇਗਾ। ਇਸ ਨੰਬਰ ਉੱਤੇ ਕੋਈ ਵੀ ਆਮ ਵਿਅਕਤੀ ਫ਼ੋਨ ਕਰ ਆਪਣੀ ਸਮੱਸਿਆ ਦੱਸ ਸਕਦਾ ਹੈ।
ਇਸ ਦੇ ਨਾਲ ਹੀ ਜ਼ਿਲ੍ਹੇ ਦੇ ਐਸਐਸਪੀ ਨੇ ਇੱਕ ਪ੍ਰੈੱਸ ਕਾਂਨਫਰੰਸ ਕਰ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਯੋਜਨਾ ਨੂੰ ਡੀਜੀਪੀ ਦਿਨਕਰ ਗੁਪਤਾ ਨੇ ਪੂਰੇ ਪੰਜਾਬ ਵਿੱਚ ਲਾਂਚ ਕੀਤਾ ਹੈ, ਜਿਸ ਦੀ ਸ਼ੁਰੂਆਤ ਫਿਰੋਜ਼ਪੁਰ ਵਿੱਚ ਕਰ ਰਹੇ ਹਨ। ਇਸ ਦੇ ਤਹਿਤ ਹਰੇਕ ਅਫ਼ਸਰ ਦੀ ਇਹ ਡਿਊਟੀ ਰਹੇਗੀ ਕਿ ਉਹ ਆਪਣੇ ਇਲਾਕੇ ਦੇ ਚੰਗੇ ਮਾੜੇ ਅਨਸਰਾਂ ਦੀ ਪਹਿਚਾਣ ਕਰ ਉੱਚ ਅਧਿਕਾਰੀ ਨੂੰ ਜਾਣਕਾਰੀ ਦੇਣ ਤੇ ਉਸ ਇਲਾਕੇ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਹੱਲ ਕਰਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਯੋਜਨਾ ਪਹਿਲਾ ਕੇਰਲ ਵਿੱਚ ਚੱਲ ਰਹੀ ਸੀ, ਹੁਣ ਇਸ ਨੂੰ ਪੰਜਾਬ ਵਿੱਚ ਲਾਂਚ ਕੀਤਾ ਗਿਆ ਹੈ। ਤਾਂਕਿ ਪੰਜਾਬ ਵਿਚ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ।