ਫਿਰੋਜ਼ਪੁਰ: ਜ਼ਿਲ੍ਹੇ ਦੇ ਹਲਕਾ ਜ਼ੀਰਾ ਦੇ ਪਿੰਡ ਬਹਿਕ ਪਛਾੜੀਆ ਦੀ ਰਹਿਣ ਵਾਲੀ ਨਵਕਿਰਨ ਕੌਰ ਨੇ ਨੇ ਪੀਸੀਐਸ 2020 ਪ੍ਰੀਖਿਆ ਚ 5ਵਾਂ ਸਥਾਨ ਹਾਸਿਲ ਕਰ ਜ਼ਿਲ੍ਹੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਦੱਸ ਦਈਏ ਕਿ ਜਿਵੇਂ ਹੀ ਨਵਕਿਰਨ ਕੌਰ ਆਪਣੇ ਪਿੰਡ ਪਹੁੰਚੇ ਤਾਂ ਉਨ੍ਹਾਂ ਦਾ ਨਿਘਾ ਸਵਾਗਤ ਕੀਤਾ ਗਿਆ। ਸਭ ਤੋਂ ਖਾਸ ਗੱਲ ਇਹ ਹੈ ਕਿ ਨਵਕਿਰਨ ਕੌਰ ਐਸਸੀ ਕੋਟਾ ਛੱਡ ਕੇ ਜਨਰਲ ਕੋਟੇ ’ਚ ਪੇਪਰ ਦੇ ਕੇ ਪ੍ਰੀਖਿਆ ਨੂੰ ਪਾਸ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਨਵਕਿਰਨ ਕੌਰ ਨੇ ਦੱਸਿਆ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ 2020 ਦੀਆਂ ਲਈ ਗਈ ਪ੍ਰੀਖਿਆ ਵਿੱਚ ਉਨ੍ਹਾਂ ਨੂੰ ਪੰਜਵਾਂ ਸਥਾਨ ਪ੍ਰਾਪਤ ਹੋਇਆ ਹੈ ਤੇ ਉਹ ਪੀਸੀਐੱਸ ਵਿੱਚ ਚੁਣੇ ਗਏ ਹਨ। ਇਸ ਪ੍ਰੀਖਿਆ ਲਈ ਉਨ੍ਹਾਂ ਨੂੰ ਕੜੀ ਮਿਹਨਤ ਕਰਨੀ ਪਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੋ ਉਨ੍ਹਾਂ ਨੂੰ ਪਿੰਡ ਪਹੁੰਚਣ ’ਤੇ ਸਨਮਾਨ ਦਿੱਤਾ ਗਿਆ ਹੈ ਉਹ ਉਸ ਨੂੰ ਕਦੇ ਵੀ ਨਹੀਂ ਭੁੱਲਣਗੇ। ਨਵਕਿਰਨ ਕੌਰ ਨੇ ਕਿਹਾ ਕਿ ਉਹ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਕਰਨਗੇ ਅਤੇ ਉਹ ਆਪਣੇ ਇਲਾਕਾ ਨਿਵਾਸੀਆਂ ਨੂੰ ਕਦੀ ਨਿਰਾਸ਼ ਨਹੀਂ ਹੋਣ ਦੇਣਗੇ।