ਲੋਕਾਂ ਨੇ ਕੀਤੀ ਮਦਦ ਦੀ ਅਪੀਲ ਫਿਰੋਜ਼ਪੁਰ (Firozpur Flood Update): ਸਰਹੱਦੀ ਜ਼ਿਲ੍ਹੇ ਦੇ ਹੁਸੈਨੀ ਵਾਲਾ ਸਰਹੱਦ ਨਾਲ ਲੱਗਦੇ ਹਜ਼ਾਰਾ ਸਿੰਘ ਨੇੜੇ ਪੁਲ ਦਾ ਅਗਲਾ ਅੱਧਾ ਹਿੱਸਾ ਪਾਣੀ ਦੇ ਤੇਜ਼ ਵਹਾਅ ਕਾਰਨ ਡਿੱਗ ਗਿਆ ਹੈ। ਜਿਸ ਕਾਰਨ ਸਰਹੱਦ ਤੇ ਸਤਲੁਜ ਨਾਲ ਲੱਗਦੇ ਇਸ ਪੁਲ ਨੂੰ ਪੱਕਾ ਕਰਨ ਲਈ ਫੌਜ, ਸਥਾਨਕ ਪਿੰਡ ਵਾਸੀ ਅਤੇ ਪ੍ਰਸ਼ਾਸਨ ਜੁਟੇ ਹੋਏ ਹਨ। ਦੱਸ ਦਈਏ ਇਹ ਪੁਲ ਵੱਖ-ਵੱਖ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ। ਇਹ ਪੁਲ ਮੁੱਖ ਤੌਰ ਉੱਤੇ ਪਿੰਡ ਪੁਰਾਣੀ ਗਟੀ , ਗਟੀ , ਜਲੋਕੇ, ਭਾਨੇ ਕੇ, ਟੇਡੀ ਵਾਲਾ ਅਤੇ ਭਾਖੜਾ ਆਦਿ ਕਈ ਪਿੰਡਾਂ ਨੂੰ ਆਪਸ ਵਿਚ ਜੋੜਦਾ ਹੈ।
ਪਿੰਡਾਂ ਦਾ ਟੁੱਟਿਆ ਸੰਪਰਕ:ਇਨ੍ਹਾਂ ਪਿੰਡਾਂ ਦਾ ਸੰਪਰਕ ਹੁਣ ਸਤਲੁਜ ਦਾ ਪਾਣੀ ਇਲਾਕੇ ਵਿੱਚ ਆਉਣ ਕਾਰਨ ਟੁੱਟ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਾਲਤ ਇਸ ਲਈ ਵੀ ਬੁਰੀ ਹੈ ਕਿਉਂਕਿ ਪਾਕਿਸਤਾਨ ਵਾਲੇ ਪਾਸਿਓਂ ਵੀ ਪਾਣੀ ਆਇਆ ਹੈ, ਜਿਸ ਕਾਰਨ ਪਿੰਡ ਵਾਸੀਆਂ ਦਾ ਸੰਪਰਕ ਟੁੱਟ ਜਾਵੇਗਾ ਪਰ ਫਿਲਹਾਲ ਯਤਨ ਕੀਤੇ ਜਾ ਰਹੇ ਹਨ ਕਿ ਅਜਿਹਾ ਨਾ ਹੋਵੇ ਅਤੇ ਇਸ ਪੁਲ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਵੀ ਜਾਰੀ ਹਨ।
ਲੋਕਾਂ ਨੇ ਛੱਡੇ ਘਰ: ਸਰਹੱਦੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਲੱਗਦੇ 22 ਪਿੰਡ ਹਨ ਜੋ ਕਿ ਪਾਣੀ ਆਉਣ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਲੋਕ ਪਿੰਡਾਂ ਦੇ ਪਿੰਡ ਛੱਡ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਸੁਰੱਖਿਅਤ ਥਾਂਵਾਂ 'ਤੇ ਜਾ ਰਹੇ ਹਨ। ਉਨ੍ਹਾਂ ਦੀਆਂ ਫਸਲਾਂ ਪਾਣੀ ਕਾਰਨ ਪੂਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਘਰਾਂ 'ਚ ਪਾਣੀ ਆ ਰਿਹਾ ਹੈ ਜਿਸ ਕਾਰਣ ਖਾਣ-ਪੀਣ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ। ਅਜਿਹੇ ਵਿੱਚ ਘਰਾਂ ਦੀਆਂ ਛੱਤਾਂ 'ਤੇ ਚੁੱਲ੍ਹੇ ਰੱਖੇ ਜਾ ਰਹੇ ਹਨ।
ਬੀਐੱਸਐੱਫ ਵੱਲੋਂ ਮਦਦ: ਜਿੱਥੇ ਸਤਲੁਜ ਦਰਿਆ ਦਾ ਪਾਣੀ ਆ ਰਿਹਾ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਦਾ ਪਾਣੀ ਵੀ ਪਿੰਡਾਂ ਨੂੰ ਮਾਰ ਕਰ ਰਿਹਾ ਹੈ। ਜਿਸ ਨਾਲ ਉਨ੍ਹਾਂ ਨੂੰ ਬਹੁਤ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਇਸ ਰਫਤਾਰ ਨਾਲ ਵੱਧ ਰਿਹਾ ਹੈ ਕਿ ਉਸ ਵਿੱਚ ਜੇਸੀਬੀ ਵੀ ਡੁੱਬੀ ਹੋਈ ਨਜ਼ਰ ਆ ਰਹੀ ਹੈ ਅਤੇ ਆਉਣਾ-ਜਾਣਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਹੈ। ਦੂਜੇ ਪਾਸੇ ਬਾਰਡਰ ਸਿਕਿਓਰਿਟੀ ਫੋਰਸ ਵੱਲੋਂ ਜਿੱਥੇ ਸਰਹੱਦ ਦੀ ਪਹਿਰੇਦਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਸਥਾਨਕਵਾਸੀਆਂ ਦੀ ਵੀ ਮਦਦ ਕੀਤੀ ਜਾ ਰਹੀ ਹੈ।