ਫ਼ਿਰੋਜ਼ਪੁਰ: ਸ਼ਹਿਰ ਦੇ ਡਿਪਟੀ ਕਮਿਸ਼ਨਰ ਨੇ ਗਰਭਵਤੀ ਮਹਿਲਾ ਨੂੰ ਡਿਲਿਵਰੀ ਲਈ ਬਠਿੰਡਾ ਲਿਜਾਣ ਲਈ ਵੱਟਸਐਪ ‘ਤੇ ਪ੍ਰਵਾਨਗੀ ਦਿੱਤੀ। ਗਰਭਵਤੀ ਮਹਿਲਾ ਨੇ ਬੀਤੇ ਦਿਨੀਂ ਇੱਕ ਲੜਕੇ ਨੂੰ ਜਨਮ ਦਿੱਤਾ ਤੇ ਜੱਚਾ-ਬੱਚਾ ਦੋਵੇਂ ਪੂਰੀ ਤਰ੍ਹਾਂ ਤੰਦਰੁਸਤ ਹਨ। ਪਰਿਵਾਰ ਨੇ ਇਹ ਖ਼ੁਸ਼ੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨਾਲ ਸਾਂਝੀ ਕੀਤੀ ਤੇ ਨਵੇਂ ਜੰਮੇ ਬੱਚੇ ਦੀਆਂ ਤਸਵੀਰਾਂ ਵੱਟਸਐਪ 'ਤੇ ਭੇਜੀਆਂ ਤੇ ਨਾਲ ਹੀ ਧੰਨਵਾਦੀ ਮੈਸੇਜ ਕੀਤਾ।
ਧਵਨ ਕਾਲੋਨੀ ਦੇ ਰਹਿਣ ਵਾਲੇ ਕੁਲਦੀਪ ਸਿੰਘ ਸਰਾਂ ਨੇ ਦੱਸਿਆ ਕਿ ਉਸ ਦੀ ਪਤਨੀ ਮਨਪ੍ਰੀਤ ਕੌਰ ਗਰਭਵਤੀ ਸੀ ਤੇ ਉਸ ਦਾ ਇਲਾਜ ਬਠਿੰਡਾ ਦੇ ਕਪਿਲਾ ਹਸਪਤਾਲ ਵਿੱਚ ਚੱਲ ਰਿਹਾ ਸੀ। ਜਦੋਂ ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਨੂੰ ਹਸਪਤਾਲ ਲੈ ਕੇ ਜਾਣ ਦੀ ਜ਼ਰੂਰਤ ਪਈ ਪਰ ਕਰਫ਼ਿਊ ਕਰਕੇ ਉਹ ਜਾ ਨਹੀਂ ਪਾ ਰਹੇ ਸਨ ਅਤੇ ਪਾਸ ਬਣਵਾਉਣ ਦਾ ਵੀ ਸਮਾਂ ਨਹੀਂ ਸੀ। ਇਸ ਲਈ ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਫ਼ੋਨ ਤੇ ਸਾਰੀ ਗੱਲ ਦੱਸੀ।
ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਬੜੇ ਹੈਰਾਨ ਹੋਏ ਜਦੋਂ ਕੁੱਝ ਸਮੇਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਵੱਟਸਐਪ ‘ਤੇ ਹੀ ਉਨ੍ਹਾਂ ਨੂੰ ਪਰਮਿਸ਼ਨ ਲੈਟਰ ਭੇਜਿਆ ਗਿਆ ਜੋ ਕਿ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਦੇ ਲੈਟਰ ਹੈੱਡ ਤੇ ਸੀ।