ਫਿਰੋਜ਼ਪੁਰ : ਕੋਰੋਨਾ ਵਾਇਰਸ ਦੇ ਚਲਦੇ ਪੰਜਾਬ 'ਚ ਪਿਛਲੇ 45 ਦਿਨਾਂ ਤੋਂ ਕਰਫਿਊ ਜਾਰੀ ਹੈ। ਇਸ ਦੌਰਾਨ ਲੋਕਾਂ ਦੀ ਜ਼ਰੂਰਤਾਂ ਨੂੰ ਵੇਖਦੇ ਹੋਏ ਸੂਬਾ ਸਰਕਾਰ ਵੱਲੋਂ ਕਰਫਿਊ 'ਚ ਢਿੱਲ ਦਿੱਤੀ ਗਈ ਹੈ।
ਪੰਜਾਬ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀ ਕੀਮਤਾਂ 'ਚ ਕੀਤੇ ਵਾਧੇ ਤੋਂ ਨਾਖੁਸ਼ ਨਜ਼ਰ ਆਏ ਲੋਕ - ਨਾਖੁਸ਼ ਨਜ਼ਰ ਆਏ ਫਿਰੋਜ਼ਪੁਰ ਵਾਸੀ
ਪੰਜਾਬ ਸਰਕਾਰ ਵੱਲੋਂ ਜਿਥੇ ਇੱਕ ਪਾਸੇ ਕਰਫਿਊ 'ਚ ਖੁੱਲ੍ਹ ਦਿੱਤੇ ਜਾਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ, ਉੱਥੇ ਹੀ ਸੂਬਾ ਸਰਕਾਰ ਵੱਲੋਂ ਪੰਜਾਬ 'ਚ ਪੈਟਰੋਲ ਤੇ ਡੀਜ਼ਲ ਦੇ ਰੇਟ 'ਚ 2-2 ਰੁਪਏ ਪ੍ਰਤੀ ਲੀਟਰ ਵਾਧਾ ਕਰ ਦਿੱਤਾ ਗਿਆ।
ਸੂਬੇ 'ਚ ਲਗਾਤਾਰ ਕਰਫਿਊ ਦੇ ਚਲਦੇ ਸੂਬੇ ਦੀ ਅਰਥਵਿਵਸਥਾ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਦੇ ਚਲਦੇ ਦਿੱਲੀ ਸਰਕਾਰ ਦੀ ਤਰਜ਼ 'ਤੇ ਪੰਜਾਬ ਸਰਕਾਰ ਵੱਲੋਂ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਜਿੱਥੇ ਦਿੱਲੀ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੇ ਰੇਟਾਂ 'ਚ 7 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ 2-2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ। ਸਰਕਾਰ ਮੁਤਾਬਕ ਇਹ ਫੈਸਲਾ ਮੁੜ ਤੋਂ ਅਰਥਵਿਵਸਥਾ ਗ੍ਰਾਫ਼ ਨੂੰ ਉੱਚਾ ਚੁੱਕਣ ਲਈ ਕੀਤਾ ਗਿਆ ਹੈ।
ਸੂਬਾ ਸਰਕਾਰ ਦੇ ਇਸ ਫੈਸਲੇ ਤੋਂ ਫਿਰੋਜ਼ਪੁਰ ਵਾਸੀ ਨਾਖੁਸ਼ ਨਜ਼ਰ ਆਏ। ਲੋਕਾਂ ਦਾ ਕਹਿਣਾ ਹੈ ਕਿ ਕਰਫਿਊ ਦੇ ਕਾਰਨ ਸਾਰੇ ਕਾਰੋਬਾਰ ਠੱਪ ਹੋ ਚੁੱਕੇ ਹਨ। ਲੋਕ ਇਸ ਸਮੇਂ ਮੰਦੀ ਦੇ ਦੌਰ 'ਚ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੁਕਾਨ ਖੋਲ੍ਹਣ ਤੇ ਤੇਲ ਦੀਆਂ ਕੀਮਤਾਂ 'ਚ ਵਾਧਾ ਤਾਂ ਕਰ ਦਿੱਤਾ ਗਿਆ ਹੈ, ਪਰ ਇਸ ਦਾ ਭਾਰ ਆਮ ਲੋਕਾਂ ਦੀ ਜੇਬਾਂ 'ਤੇ ਪੈ ਰਿਹਾ ਹੈ। ਜਦਕਿ ਇਸ ਸਮੇਂ ਵੱਡੀ ਗਿਣਤੀ 'ਚ ਲੋਕਾਂ ਆਰਥਿਕ ਤੰਗੀ ਝੇਲ ਰਹੇ ਹਨ। ਅਜਿਹੇ 'ਚ ਉਹ ਸਰਕਾਰ ਦੇ ਇਸ ਫੈਸਲੇ ਤੋਂ ਨਾਖੁਸ਼ ਹਨ ਤੇ ਸਰਕਾਰ ਨੂੰ ਕੋਈ ਵੀ ਫੈਸਲਾ ਆਮ ਨਾਗਰਿਕਾਂ ਦੇ ਹੱਕ 'ਚ ਲੈਣਾ ਚਾਹੀਦਾ ਹੈ।