ਫਿਰੋਜ਼ਪੁਰ: ਕਸਬਾ ਜ਼ੀਰਾ ਵਿਖੇ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਨਾਜਾਇਜ਼ ਸ਼ਰਾਬ ਤਸਕਰੀ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਤੋਂ ਮੌਕੇ 'ਤੇ 200 ਲੀਟਰ ਲਾਹਣ ਵੀ ਬਰਾਮਦ ਕੀਤੀ ਹੈ। ਇਹ ਕਾਰਵਾਈ ਸ਼ਰਾਬ ਠੇਕੇਦਾਰਾਂ ਵੱਲੋਂ ਕੀਤੀ ਗਈ ਸ਼ਿਕਾਇਤ ਉੱਤੇ ਕੀਤੀ ਗਈ ਹੈ।
ਇਸ ਬਾਰੇ ਸ਼ਰਾਬ ਠੇਕੇਦਾਰ ਨੰਦ ਕਿਸ਼ੋਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਰਾਬ ਤਸਕਰੀ ਹੋਣ ਦਾ ਸ਼ੱਕ ਸੀ। ਨੰਦ ਕਿਸ਼ੋਰ ਨੇ ਕਿਹਾ ਕਿ ਦੇਰ ਰਾਤ ਸ਼ਰਾਬ ਤਸਕਰ ਹਰੀਕੇ ਤੋਂ ਜ਼ੀਰਾ ਰੋਡ ਹੁੰਦੇ ਹੋਏ ਨਾਜਾਇਜ਼ ਸ਼ਰਾਬ ਦੀ ਤਸਕਰੀ ਕਰਨ ਲਈ ਜਾਂਦੇ ਹਨ। ਦੇਰ ਰਾਤ ਉਨ੍ਹਾਂ ਦੇ ਇੱਕ ਮੁਖ਼ਬਰ ਨੇ ਸੂਚਨਾ ਦਿੱਤੀ ਕਿ 3 ਗੱਡੀਆਂ ਜ਼ੀਰਾ ਹਾਈਵੇ ਤੋਂ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੀਆਂ ਹਨ। ਇਸ ਸਬੰਧ 'ਚ ਉਨ੍ਹਾਂ ਨੇ ਥਾਣਾ ਸਿਟੀ, ਜ਼ੀਰਾ ਦੇ ਐਸਐਚਓ ਨੂੰ ਸੂਚਨਾ ਦਿੱਤੀ ਤੇ ਨਾਕਾਬੰਦੀ ਲਈ ਅਪੀਲ ਕੀਤੀ। ਸ਼ਰਾਬ ਠੇਕੇਦਾਰ ਨੇ ਦੱਸਿਆ ਕਿ 2 ਗੱਡੀਆਂ ਮੌਕੇ ਤੋਂ ਭੱਜ ਗਈਆਂ, ਜਦੋਂ ਕਿ ਇੱਕ ਗੱਡੀ ਅਤੇ ਡਰਾਈਵਰ ਨੂੰ 200 ਲੀਟਰ ਲਾਹਣ ਸਣੇ ਕਾਬੂ ਕਰ ਲਿਆ ਗਿਆ। ਉਨ੍ਹਾਂ ਕਿਹਾ ਨਾਜਾਇਜ਼ ਸ਼ਰਾਬ ਦੀ ਵਿਕ੍ਰੀ ਤੇ ਤਸਕਰੀ ਕਾਰਨ ਸ਼ਰਾਬ ਠੇਕੇਦਾਰਾਂ ਨੂੰ ਭਾਰੀ ਨੁਕਸਾਨ ਹੁੰਦਾ ਹੈ।