ਫਿਰੋਜ਼ਪੁਰ ਸਰਹੱਦ ਤੋਂ 100 ਕਰੋੜ ਦੀ ਹੈਰੋਇਨ ਬਰਾਮਦ ਫਿਰੋਜ਼ਪੁਰ:ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਾ ਤਸਕਰਾਂ ਉੱਤੇ ਨਕੇਲ ਕੱਸੀ ਜਾ ਰਹੀ ਹੈ। ਇਸ ਦੇ ਤਹਿਤ ਹੀ ਨਸ਼ਾ ਬਰਾਮਦ ਕਰਨ ਲਈ ਹਰ ਦਿਨ ਛਾਪੇਮਾਰੀ ਕੀਤੀ ਜਾ ਰਹੀ ਹੈ। ਛਾਪੇਮਾਰੀ ਕਰਦੇ ਹੋਏ ਕਈ ਥਾਵਾਂ ਤੋਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਤੇ ਬਾਰਡਰ ਉੱਤੇ ਵੀ ਨਸ਼ੇ ਨੂੰ ਪਾਕਿਸਤਾਨ ਵਿੱਚੋਂ ਆਉਣ ਤੋਂ ਰੋਕਿਆ ਜਾ ਰਿਹਾ ਹੈ। ਇਸੇ ਤਹਿਤ ਬੀਤੇ ਦਿਨ ਮੰਗਲਵਾਰ ਨੂੰ ਕਾਰਵਾਈ ਕਰਦੇ ਹੋਏ ਕਾਊਂਟਰ ਇੰਟੈਲੀਜੈਂਸ ਨੇ ਫਾਜ਼ਿਲਕਾ ਵਿੱਚ ਦੋ ਨਸ਼ਾ ਤਸਕਰਾਂ ਕੋਲੋਂ ਡਰੋਨ ਜ਼ਰੀਏ ਭਾਰਤ ਆਈ 20 ਕਿਲੋ ਹੈਰੋਇਨ ਫੜੀ ਹੈ।
100 ਕਰੋੜ ਦੀ ਹੈਰੋਇਨ ਬਰਾਮਦ: ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 100 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦੇ ਏਆਈਜੀ ਕਾਊਂਟਰ ਇੰਟੈਲੀਜੈਂਸ ਲਖਬੀਰ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਨਾਲ ਲੱਗਦਾ ਜੋ ਸਰਹੱਦੀ ਇਲਾਕਾ ਹੈ, ਉਸ ਵਿੱਚ ਪਾਕਿਸਤਾਨ ਤੋਂ ਕਈ ਵਾਰ ਡਰੋਨ ਜ਼ਰੀਏ ਹੈਰੋਇਨ ਦੀ ਤਸਕਰੀ ਕੀਤੀ ਜਾਂਦੀ ਹੈ, ਉੱਥੇ ਹੀ ਪਾਕਿਸਤਾਨ ਵੱਲੋਂ ਹਥਿਆਰ ਵੀ ਭਾਰਤ ਵਿੱਚ ਸੁੱਟੇ ਜਾਂਦੇ ਹਨ, ਤਾਂ ਜੋ ਇੱਥੇ ਮਾਹੌਲ ਖਰਾਬ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਨਸ਼ੇ ਨਾਲ ਤਬਾਹ ਕੀਤਾ ਜਾ ਸਕੇ।
ਦੋ ਨਸ਼ਾ ਤਸਕਰ ਗ੍ਰਿਫਤਾਰ: ਏਆਈਜੀ ਕਾਊਂਟਰ ਇੰਟੈਲੀਜੈਂਸ ਲਖਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਤੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਦੀਆਂ ਹਰਕਤਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਕਾਰਵਾਈ ਕਰਦੇ ਹੋਏ ਦੋ ਤਸਕਰਾਂ ਕੋਲੋਂ 20 ਕਿਲੋ ਹੈਰੋਇਨ ਦੀ ਖੇਪ ਬਰਾਮਦ ਕੀਤੀ ਗਈ ਹੈ। ਉਨ੍ਹਾਂ ਤਸਕਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿੰਗ ਕਾਊਂਟਰ ਇੰਟੈਲੀਜੈਂਸ ਲਖਬੀਰ ਸਿੰਘ ਨੇ ਦੋ ਨਸ਼ਾ ਤਸਕਰਾਂ ਕੋਲੋਂ 20 ਕਿਲੋਗ੍ਰਾਮ ਹੈਰੋਇਨ ਦੇ 10 ਪੈਕਟ ਬਰਾਮਦ ਕੀਤੇ ਗਏ ਹਨ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 100 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਜਾਰੀ:ਦੋਵੇਂ ਨਸ਼ਾ ਤਸਕਰ ਫਾਜ਼ਿਲਕਾ ਦੇ ਵਸਨੀਕ ਹਨ ਅਤੇ ਉਥੋਂ ਫੜੇ ਜਾਣ ਕਾਰਨ ਉਨ੍ਹਾਂ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੋਇਆ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਪਹਿਲਾਂ ਕੋਈ ਵੀ ਕ੍ਰਿਮਿਨਲ ਰਿਕਾਰਡ ਨਹੀਂ ਹੈ। ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦੇ ਹੋਰ ਸਬੰਧ ਕਿੱਥੇ ਹਨ ਅਤੇ ਇਹ ਹੈਰੋਇਨ ਕਿੱਥੇ ਜਾਣੀ ਸੀ।