ਫਿਰੋਜ਼ਪੁਰ: ਪਿੰਡ ਸ਼ਾਦੇ ਹਾਸ਼ਮ ਦੇ ਨਜਦੀਕ ਇੱਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਪੁਲਿਸ ਮੁਲਾਜ਼ਮ ਡਿਊਟੀ ਤੋਂ ਘਰ ਵਾਪਿਸ ਜਾ ਰਹੀ ਸੀ ਅਤੇ ਰਾਸਤੇ ਵਿੱਚ ਟਰਾਲੇ ਨਾਲ ਉਸ ਦੀ ਕਾਰ ਦੀ ਟੱਕਰ ਹੋ ਗਈ ਜਿਸ ਦੌਰਾਨ ਉਸ ਦੀ ਮੌਤ ਹੋ ਗਈ।
ਡਿਊਟੀ ਤੋਂ ਪਰਤ ਰਹੀ ਸੀ ਪੁਲਿਸ ਮੁਲਾਜ਼ਮ:ਫਿਰੋਜ਼ਪੁਰ ਦੇ ਪਿੰਡ ਸਾਂਦੇ ਹਾਸ਼ਮ ਦੇ ਨਜਦੀਕ ਅੱਜ ਇੱਕ ਟਰਾਲੇ ਅਤੇ ਆਈ ਟਵੰਟੀ ਕਾਰ ਦੀ ਟੱਕਰ ਹੋ ਗਈ ਜਿਸ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਪੁਲਿਸ ਮੁਲਾਜ਼ਮ ਕੁਲਵਿੰਦਰ ਕੌਰ ਉਮਰ ਕਰੀਬ 32 ਸਾਲ ਜੋ ਜੀਰਾ ਦੇ ਪਿੰਡ ਸਨੇਰ ਦੀ ਰਹਿਣ ਵਾਲੀ ਸੀ। ਜਿਸ ਦਾ ਕਰੀਬ ਦੋ ਮਹੀਨੇ ਪਹਿਲਾਂ ਹੀ ਕੈਨੇਡਾ ਵਿਖੇ ਵਿਆਹ ਹੋਇਆ ਸੀ।
ਦੋ ਮਹੀਨਾ ਪਹਿਲਾਂ ਹੋਇਆ ਸੀ ਵਿਆਹ: ਡਿਊਟੀ ਤੋਂ ਵਾਪਿਸ ਘਰ ਆ ਰਹੀ ਸੀ ਕਿ ਪਿੰਡ ਸਾਂਦੇ ਹਾਸ਼ਮ ਦੇ ਨਜਦੀਕ ਸਾਹਮਣੇ ਤੋਂ ਆ ਰਹੇ ਟਰਾਲੇ ਨੇ ਅਚਾਨਕ ਕੱਟ ਮਾਰ ਦਿੱਤਾ ਅਤੇ ਟਰਾਲਾ ਸਿੱਧਾ ਆਕੇ ਉਸਦੀ ਆਈ ਟਵੰਟੀ ਕਾਰ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ ਜਿਸ ਦੌਰਾਨ ਮਹਿਲਾ ਪੁਲਿਸ ਕੁਲਵਿੰਦਰ ਕੌਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।