ਫ਼ਾਜ਼ਿਲਕਾ : ਇਥੋਂ ਦੇ ਥਾਣਾ ਖੁਈ ਖੇੜਾ ਦੇ ਪਿੰਡ ਪਤਰੇ ਵਾਲਾ ਵਿੱਚ ਕੱਲ੍ਹ ਦੇਰ ਸ਼ਾਮ ਰਤਨ ਸਿੰਘ ਨਾਂਅ ਦੇ ਇੱਕ ਵਿਅਕਤੀ ਦੇ 4 ਸਾਲ ਦੇ ਪੋਤਰੇ ਨੂੰ 2 ਲੋਕਾਂ ਨੇ ਉਸ ਦੇ ਹੱਥਾਂ ਵਿੱਚੋ ਖੋਹ ਕੇ ਅਗਵਾ ਕਰ ਲਿਆ। ਪੀੜਤ ਕੋਲੋਂ ਬੱਚੇ ਨੂੰ ਛੱਡਣ ਬਦਲੇ 15 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ ਜਿਸ ਦੀ ਸੂਚਨਾ ਪੀੜਤ ਵੱਲੋਂ ਤੁਰੰਤ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਨੰਬਰ ਦੇ ਆਧਾਰ 'ਤੇ ਅਗ਼ਵਾ ਕਰਨ ਵਾਲੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਫ਼ਾਜ਼ਿਲਕਾ ਪੁਲਿਸ ਨੇ 4 ਸਾਲ ਦੇ ਨਾਬਾਲਗ਼ ਬੱਚੇ ਨੂੰ ਅਗਵਾ ਕਰਨ ਵਾਲੇ ਦੋ ਲੋਕਾਂ ਨੂੰ ਫਿਰੌਤੀ ਦੀ ਰਕਮ ਅਤੇ ਦੋ ਗੱਡੀਆਂ ਸਮੇਤ 12 ਘੰਟਿਆ ਵਿੱਚ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਆਈਜੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰਤਨ ਸਿੰਘ ਨਾਂਅ ਦੇ ਇੱਕ ਵਿਅਕਤੀ ਦੇ ਪੋਤਰੇ ਨੂੰ ਦੋ ਲੋਕਾਂ ਨੇ ਕੱਲ੍ਹ ਸ਼ਾਮ ਨੂੰ ਅਗਵਾ ਕਰ ਲਿਆ ਸੀ। ਅਸੀਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਤਕਨੀਕੀ ਤਰੀਕੇ ਨਾਲ ਦੋਸ਼ੀਆਂ ਦਾ ਪਿੱਛਾ ਕਰ ਕੇ ਹਰਿਆਣੇ ਦੇ ਸਿਰਸੇ ਤੋਂ 2 ਕਾਰਾਂ ਅਤੇ ਫਿਰੌਤੀ ਦੀ 2 ਲੱਖ 62 ਹਜ਼ਾਰ ਰੁਪਏ ਦੀ ਰਕਮ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ।