ਫਿਰੋਜ਼ਪੁਰ: ਗੁਰੂਹਰਸਹਾਏ ਵਿਖੇ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਵੱਲੋਂ ਛੱਡੇ ਗਏ ਗੰਦੇ ਪਾਣੀ ਦੇ ਵਿਰੋਧ ’ਚ ਟੋਲ ਪਲਾਤਾ ’ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਦੱਸ ਦਈਏ ਕਿ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਣੀ ਹੈ, ਪਰ ਨਹਿਰੀ ਵਿਭਾਗ ਵੱਲੋਂ ਪਹਿਲਾਂ ਪਾਣੀ ਨਹੀਂ ਛੱਡਿਆ ਗਿਆ ਸੀ, ਪਰ ਬਾਅਦ ਚ ਜਦੋਂ ਵਿਭਾਗ ਵੱਲੋਂ ਪਾਣੀ ਛੱਡਿਆ ਗਿਆ ਤਾਂ ਉਹ ਪਾਣੀ ਗੰਦਾ ਸੀ ਜਿਸ ਕਾਰਨ ਕਿਸਾਨਾਂ ਵੱਲੋਂ ਟੋਲ ਪਲਾਜਾ ’ਤੇ ਚੱਕਾ ਜਾਮ ਕੀਤਾ ਗਿਆ।
ਇਸ ਸਬੰਧ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਜਲਾਲਾਬਾਦ ਬ੍ਰਾਂਚ, ਲਾਧੂਕਾ ਡਿਸਟ੍ਰੀਬਿਊਟਰ ਵਿੱਚ ਗੰਦਾ ਪਾਣੀ ਆਉਂਦਾ ਹੈ ਜਿਸ ਨੂੰ ਬੰਦ ਕੀਤਾ ਜਾਵੇ ਕਿਸਾਨਾਂ ਨੂੰ ਖੇਤਾਂ ਨੂੰ ਬਚਾਉਣ ਲਈ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਲਾਲਾਬਾਦ ਬ੍ਰਾਂਚ ਨੂੰ ਫਿਰੋਜ਼ਪੁਰ ਫੀਡਰ ਵਿੱਚੋਂ ਭਾਨੇ ਵਾਲਾ ਹੈੱਡ ਤੋਂ ਚਲਾਈਆਂ ਜਾਵੇ ਜਿਸ ਨਾਲ ਕਿਸਾਨਾਂ ਨੂੰ ਸਾਫ ਪਾਣੀ ਮੁਹੱਈਆ ਹੋ ਸਕੇ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਗੰਦੇ ਪਾਣੀ ਨਾਲ ਕਿਸਾਨਾਂ ਨੂੰ ਚਮੜੀ ਦੇ ਰੋਗਾਂ ਦਾ ਖਤਰਾ ਹੈ ਅਤੇ ਪ੍ਰਦੂਸ਼ਣ ਫੈਲਣ ਨਾਲ ਹੋਰ ਬਹੁਤ ਬੀਮਾਰੀਆਂ ਵੀ ਫੈਲਦੀਆਂ ਹਨ।