STF ਬਠਿੰਡਾ ਤੇ ਨੌਜਵਾਨਾਂ ਵਿਚਾਲੇ ਐਨਕਾਉਂਟਰ ਫ਼ਿਰੋਜ਼ਪੁਰ:ਜ਼ਿਲ੍ਹੇ ਦੇ ਜ਼ੀਰਾ ਕਸਬੇ 'ਚ ਸਪੈਸ਼ਲ ਟਾਸਕ ਫੋਰਸ ਬਠਿੰਡਾ ਅਤੇ ਤਿੰਨ ਨੌਜਵਾਨਾਂ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ 'ਚ ਤਿੰਨ ਨੌਜਵਾਨ ਸ਼ਾਮਲ ਸਨ, ਜਿਸ 'ਚ ਦੋ ਦੀ ਮੌਤ ਹੋ ਗਈ ਅਤੇ ਇੱਕ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਇੱਕ ਪੁਲਿਸ ਮੁਲਾਜ਼ਮ ਵੀ ਜਖਮੀ ਹੋਇਆ।
ਸ਼ੱਕੀਆਂ ਦੀ ਭਾਲ ਲਈ ਆਈ ਸੀ ਟੀਮ:ਇਸ ਮੁਕਾਬਲੇ ਸਬੰਧੀ ਡੀ.ਆਈ.ਜੀ ਫਿਰੋਜ਼ਪੁਰ ਰਣਜੀਤ ਸਿੰਘ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਐਸ.ਟੀ.ਐਫ ਬਠਿੰਡਾ ਦੀ ਟੀਮ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਜ਼ੀਰਾ ਵਿਖੇ ਆਈ ਸੀ ਅਤੇ ਐਸ.ਟੀ.ਐਫ ਦੇ ਦੋ ਮੁਲਾਜ਼ਮ ਇੱਕ ਨਿੱਜੀ ਵਾਹਨ ਵਿੱਚ ਸਵਾਰ ਸਨ ਕਿ ਇਨ੍ਹਾਂ ਤਿੰਨ ਨੌਜਵਾਨਾਂ ਨੂੰ ਘੇਰ ਲਿਆ। ਉਸ ਦੀ ਕਾਰ ਅਤੇ ਉਸ ਤੋਂ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਵਾਬੀ ਕਾਰਵਾਈ ਦੌਰਾਨ ਇਹ ਤਿੰਨ ਨੌਜਵਾਨ ਜ਼ਖਮੀ ਹੋ ਗਏ ਅਤੇ ਜਦੋਂ ਇਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਤਾਂ ਉੱਥੇ ਦੋ ਦੀ ਮੌਤ ਹੋ ਗਈ।
2 ਨੌਜਵਾਨਾਂ ਦੀ ਮੌਤ :ਮਾਰੇ ਗਏ 2 ਮੁਲਜ਼ਮ ਮੋਗਾ ਦੇ ਰਹਿਣ ਵਾਲੇ ਸਨ, ਜਿਨ੍ਹਾਂ ਦੀ ਪਛਾਣ ਸੰਦੀਪ ਸਿੰਘ ਅਤੇ ਅਨਮੋਲ ਸਿੰਘ ਵਜੋਂ ਹੋਈ ਹੈ। ਤੀਜਾ ਨੌਜਵਾਨ ਗੋਰਾ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਕ੍ਰਾਸ ਫਾਇਰਿੰਗ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ: ਡੀ.ਆਈ.ਜੀ. ਨੇ ਦੱਸਿਆ ਕਿ ਤਿੰਨ ਨੌਜਵਾਨਾਂ ਚੋਂ ਦੋ ਨੌਜਵਾਨਾਂ ਖਿਲਾਫ ਪਹਿਲਾਂ ਵੀ ਐਨ.ਡੀ.ਪੀ.ਸੀ ਐਕਟ ਅਤੇ ਆਰਮਜ਼ ਐਕਟ ਦੇ ਤਹਿਤ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਪਾਸੋਂ ਤਿੰਨ ਪਿਸਤੌਲ ਬਰਾਮਦ ਕੀਤੇ ਗਏ ਹਨ ਅਤੇ ਕੁਝ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਇਸ ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੁਲਿਸ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਸ ਮੁਕਾਬਲੇ ਵਿੱਚ ਮਾਰੇ ਗਏ ਨੌਜਵਾਨ ਗੈਂਗਸਟਰ ਸਨ ਜਾਂ ਨਸ਼ਾ ਤਸਕਰ। ਉਨ੍ਹਾਂ ਕਿਹਾ ਅੱਗੇ ਦੀ ਜਾਂਚ ਜਾਰੀ ਹੈ। ਫੋਰੈਂਸਿਕ ਟੀਮ ਨੇ ਵੀ ਸੈਂਪਲ ਲਏ ਹਨ। ਇਸ ਤੋਂ ਇਲਾਵਾ ਬਰਾਮਦ ਹਥਿਆਰ ਲਾਇਸੈਂਸ ਵਾਲੇ ਸਨ ਜਾਂ ਨਾਜਾਇਜ਼, ਇਹ ਵੀ ਜਾਂਚ ਦਾ ਵਿਸ਼ਾ ਹੈ। ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ।