ਫਿਰੋਜ਼ਪੁਰ:ਤਲਵੰਡੀ ਭਾਈ ਤੋਂ ਫਿਰੋਜ਼ਪੁਰ ਰੋਡ 'ਤੇ ਪਿੰਡ ਹਕੂਮਤਵਾਲਾ ਵਿੱਚ ਬਾਇਓ ਮਾਸ ਪਾਵਰ ਪਲਾਂਟ (Biomass power plant) ਹਰ ਰੋਜ਼ 18 ਮੈਗਾਵਾਟ ਬਿਜਲੀ ਇੱਕ ਘੰਟੇ ਵਿੱਚ ਪੈਦਾ ਕਰ ਰਿਹਾ ਹੈ।
ਬਾਇਓ ਮਾਸ ਪਾਵਰ ਪਲਾਂਟ ਨਾਲ ਲੋਕਾਂ ਨੂੰ ਮਿਲ ਰਿਹਾ ਰੁਜ਼ਗਾਰ ਮੁਲਾਜ਼ਮਾਂ ਵੱਲੋਂ ਦੱਸਿਆ ਗਿਆ ਕਿ ਇਸ ਪਲਾਂਟ ਦੇ ਲੱਗਣ ਨਾਲ ਜਿੱਥੇ ਬਿਜਲੀ (Electricity) ਦਾ ਉਤਪਾਦਨ ਹੁੰਦਾ ਹੈ। ਉੱਥੇ ਸਾਨੂੰ ਕੰਮ ਵੀ ਮਿਲਦਾ ਹੈ। ਜਿਸ ਨਾਲ ਅਸੀਂ ਆਪਣੇ ਪਰਿਵਾਰ ਪਾਲ ਸਕਦੇ ਹਾਂ।
ਇਸ ਮੌਕੇ ਜਦ ਉੱਥੇ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਕਾਫ਼ੀ ਸਮੇਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਇੱਥੇ ਵੇਚ ਰਿਹਾ ਹਾਂ। ਜਿਸ ਨਾਲ ਮੈਨੂੰ ਜਿੱਥੇ ਕੰਮ ਵੀ ਮਿਲਿਆ ਹੈ।ਉੱਥੇ ਮੈਂ ਆਪਣੀ ਪਰਾਲੀ ਦੀ ਕੀਮਤ ਵੀ ਵਸੂਲ ਰਿਹਾ ਹਾਂ। ਉਨ੍ਹਾਂ ਸਰਕਾਰ ਅੱਗੇ ਅਪੀਲ ਕੀਤੀ ਕਿ ਇਸ ਇਸ ਤਰ੍ਹਾਂ ਦੀਆਂ ਫੈਕਟਰੀਆਂ ਲਾਉਣ ਬਾਰੇ ਸੋਚਣਾ ਚਾਹੀਦਾ ਹੈ। ਜਿਸ ਨਾਲ ਲੋਕਾਂ ਨੂੰ ਕੰਮਕਾਜ ਵੀ ਮਿਲ ਸਕੇ।
ਬਾਇਓ ਮਾਸ ਪਾਵਰ ਪਲਾਂਟ ਦੇ ਫਿਊਲ ਮੈਨੇਜਰ ਅਰਵਿੰਦ ਬੇਦੀ ਨੇ ਦੱਸਿਆ ਕਿ ਅਸੀਂ ਇਹ ਪਲਾਂਟ 2019 ਵਿਚ ਲਗਾਇਆ ਸੀ। ਜਿਸ ਵਿੱਚ ਹਰ ਰੋਜ਼ ਅਠਾਰਾਂ ਮੈਗਾਵਾਟ ਬਿਜਲੀ ਦਾ ਉਤਪਾਦਨ ਇੱਕ ਘੰਟੇ ਵਿੱਚ ਹੁੰਦਾ ਹੈ। ਜਿਸ ਨੂੰ ਅਸੀਂ ਫ਼ਿਰੋਜ਼ਸ਼ਾਹ ਗਰਿੱਡ ਨੂੰ ਦਿੰਦੇ ਹਾਂ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦੇ ਲੱਗਣ ਨਾਲ ਜਿੱਥੇ ਕੋਇਲੇ ਦੀ ਲੋੜ ਨਹੀਂ ਪੈਂਦੀ ਉੱਥੇ ਪਰਾਲੀ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਵੀ ਬਚਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸਾਡੇ ਕੋਲ 1500 ਦੇ ਕਰੀਬ ਲੇਬਰ ਪੱਕੀ ਕੰਮ ਕਰਦੀ ਹੈ ਤੇ ਅਸਿੱਧੇ ਤੌਰ 'ਤੇ ਹਜ਼ਾਰਾਂ ਲੋਕਾਂ ਨੂੰ ਕੰਮ ਮਿਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਪੱਚੀ ਤੋਂ ਤੀਹ ਪਲਾਂਟ ਜੇਕਰ ਲੱਗ ਜਾਣ ਤਾਂ ਬਿਜਲੀ ਦੀ ਘਾਟ ਵੀ ਪੂਰੀ ਹੋ ਜਾਵੇਗੀ ਤੇ ਬੇਰੁਜ਼ਗਾਰੀ ਵੀ ਖਤਮ ਹੋ ਜਾਵੇਗੀ।
ਇਹ ਵੀ ਪੜੋ:ਵਿਸ਼ਵ ਪ੍ਰਸਿੱਧ ਪਾਪੜ ਅਤੇ ਵੜੀਆਂ ਬਣਾਉਣ ਵਾਲੇ ਨਵਦੀਪ ਸਿੰਘ ਨੇ ਖੋਲ੍ਹੇ ਰਾਜ